ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 9 ਨਵੰਬਰ
ਦਿੱਲੀ ਤੇ ਇਸ ਨਾਲ ਲਗਦੇ ਇਲਾਕਿਆਂ ਵਿੱਚ ਲਗਾਤਾਰ ਪੰਜਵੇਂ ਦਿਨ ਪ੍ਰਦੂਸ਼ਿਤ ਹਵਾ ਦੀ ਹਾਲਤ ਹੋਰ ਬਦਤਰ ਰਹੀ। ਹਵਾ ਦੀ ਗੁਣਵੱਤਾ ‘ਗੰਭੀਰ’ ਸ਼੍ਰੇਣੀ ਵਿੱਚ ਚੱਲ ਰਹੀ ਹੈ। ਦਿੱਲੀ-ਐੱਨਸੀਆਰ ਦਾ ਕੋਈ ਵੀ ਅਜਿਹਾ ਖੇਤਰ ਨਹੀਂ ਹੈ, ਜਿੱਥੇ ਹਵਾ ਪ੍ਰਦੂਸ਼ਣ ਕਾਰਨ ਖ਼ਰਾਬ ਨਾ ਹੋਈ ਹੋਵੇ। ਦਿੱਲੀ, ਨੋਇਡਾ, ਗੁੜਗਾਓਂ ਤੇ ਗਾਜ਼ੀਆਬਾਦ ਵਿੱਚ ਹਵਾ ਦਾ ਗੁਣਵੱਤਾ ਸੂਚਕ (ਏਕਿਊਆਈ) ਅੰਕ 500 ਦੇ ਨੇੜੇ ਪਹੁੰਚ ਗਿਆ ਹੈ। ਪਿਛਲੇ ਪੰਜ ਦਿਨਾਂ ਤੋਂ ਲਗਾਤਾਰ ਧੂੰਏਂ ਦੀ ਸੰਘਣੀ ਪਰਤ ਇਸ ਖਿੱਤੇ ਵਿੱਚ ਵੀ ਵਧ ਗਈ ਹੈ। ਇਸ ਕਰਕੇ ਲੋਕ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਨੰਦ ਵਿਹਾਰ ਵਿੱਚ ਹਵਾ ਦਾ ਗੁਣਵੱਤਾ ਸੂਚਕ ਅੰਕ 480 ਤੋਂ ਵੱਧ ਰਿਹਾ। ਹਵਾਵਾਂ ਦੀ ਘੱਟ ਰਫ਼ਤਾਰ ਹੋਣ ਕਾਰਨ ਮੰਗਲਵਾਰ ਨੂੰ ਇਸ ਜ਼ਹਿਰੀਲੇ ਧੂੰਏ ਤੋਂ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਨਵੰਬਰ ਦੇ ਪਹਿਲੇ ਹਫ਼ਤੇ ਮਗਰੋਂ ਪਰਾਲੀ ਸਾੜਨ ਦੇ ਮਾਮਲੇ ਘਟਣੇ ਸ਼ੁਰੂ ਹੋ ਜਾਂਦੇ ਹਨ, ਪਰ ਇਸ ਵਾਰ ਦੂਜੇ ਹਫ਼ਤੇ 3500 ਤੋਂ ਵੱਧ ਮਾਮਲੇ ਪਰਾਲੀ ਸਾੜਨ ਦੇ ਸਾਹਮਣੇ ਆਏ ਹਨ। ਨੋਇਡਾ ਤੇ ਗ੍ਰੇਟਰ ਨੋਇਡਾ ਦਾ ਹਵਾ ਦੀ ਗੁਣਵੱਤਾ ਦਾ ਇੰਡੈਕਸ ਖਤਰਨਾਕ ਸ਼੍ਰੇਣੀ ਵਿਚ ਹੈ। ਲਗਾਤਾਰ ਪੰਜਵੇਂ ਦਿਨ ਚਿੰਤਾਜਨਕ ਪੱਧਰ ’ਤੇ ਰਿਹਾ। ਗੁੜਗਾਉਂ ਵਿੱਚ ਸਥਿਤੀ ਬਹੁਤ ਗੰਭੀਰ ਬਣਦੀ ਜਾ ਰਹੀ ਹੈ। ਹਵਾ ਦੀ ਰਫ਼ਤਾਰ ਕਾਫ਼ੀ ਘੱਟ ਸੀ। ਅਗਲੇ ਦੋ ਦਿਨਾਂ ਵਿੱਚ ਪ੍ਰਦੂਸ਼ਣ ਦੇ ਪੱਧਰ ਵਿੱਚ ਹੋਰ ਵਾਧਾ ਹੋਣ ਦੇ ਅਸਾਰ ਹਨ। ਗਾਜ਼ੀਆਬਾਦ ਦੀ ਹਵਾ ਖਤਰਨਾਕ ਪੱਧਰ ’ਤੇ ਪ੍ਰਦੂਸ਼ਿਤ ਹੈ। ਉਦਯੋਗਿਕ ਸ਼ਹਿਰ ਫਰੀਦਾਬਾਦ ਵਿੱਚ ਵੀ ਪ੍ਰਦੂਸ਼ਣ ਕਾਰਨ ਏਅਰ ਕੁਆਲਟੀ ਇੰਡੈਕਸ (ਏਕਿਊਆਈ) 400 ਤੋਂ ਉੱਪਰ ਚੱਲ ਰਿਹਾ ਹੈ।
ਪਾਣੀ ਦੇ ਛਿੜਕਾਅ ਲਈ 150 ਟੈਂਕਰ ਲਾਏ: ਗੋਪਾਲ ਰਾਏ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਅੱਜ ਪ੍ਰਦੂਸ਼ਣ ਨੂੰ ਘਟਾਉਣ ਲਈ ਲੋਕ ਨਿਰਮਾਣ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਇਸ ਤੋਂ ਬਾਅਦ ਧੂੜ ਪ੍ਰਦੂਸ਼ਣ ਨੂੰ ਘਟਾਉਣ ਲਈ ਸੜਕ ’ਤੇ ਛਿੜਕਾਅ ਕੀਤੇ ਜਾਣ ਦਾ ਨਿਰੀਖਣ ਕੀਤਾ। ਸ੍ਰੀ ਰਾਏ ਨੇ ਕਿਹਾ ਕਿ ਦਿੱਲੀ ਵਿੱਚ ਹਰ ਕਿਸਮ ਦੇ ਪਟਾਕੇ ਸਾੜਨ ’ਤੇ ਪਾਬੰਦੀ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਏਅਰ ਐਕਟ ਤਹਿਤ ਐੱਫਆਈਆਰ ਦਰਜ ਕੀਤੀ ਜਾਵੇਗੀ। ਪੁਲੀਸ ਸਿੱਧੀ ਐਫਆਈਆਰ ਦਰਜ ਕਰ ਸਕਦੀ ਹੈ। ਡੀਐੱਮ ਤੇ ਐੱਸਡੀਐੱਮ ਪਟਾਕੇ ਸਾੜਨ ਦੀ ਘਟਨਾ ਦੀ ਨਿਗਰਾਨੀ ਕਰਨਗੇ ਤੇ ਪੁਲੀਸ ਨੂੰ ਸੂਚਿਤ ਕਰਨਗੇ। ਉਨ੍ਹਾਂ ਕਿਹਾ ਕਿ ਪੀਡਬਲਯੂਡੀ ਨੇ ਸੜਕ ’ਤੇ ਧੂੜ ਪ੍ਰਦੂਸ਼ਣ ਨੂੰ ਘਟਾਉਣ ਲਈ ਪਾਣੀ ਦੇ ਛਿੜਕਾਅ ਲਈ 150 ਟੈਂਕਰ ਲਗਾਏ ਹਨ। ਰਾਏ ਨੇ ਕਿਹਾ ਕਿ ਦਿੱਲੀ ਰੁੱਖਾਂ ’ਤੇ ਪਾਣੀ ਛਿੜਕਿਆ ਜਾਵੇਗਾ ਤੇ ਪਾਣੀ ਦੇ ਛਿੜਕਾਅ ਲਈ ਦਿੱਲੀ ਦੇ ਵੱਖ ਵੱਖ ਇਲਾਕਿਆਂ ਵਿੱਚ 150 ਟੈਂਕਰ ਲਗਾਏ ਗਏ ਹਨ। ਦਿੱਲੀ ਵਿੱਚ ਪਰਾਲੀ ਸਾੜਨ ਨਾਲ ਪ੍ਰਦੂਸ਼ਣ ਆ ਰਿਹਾ ਹੈ। ਇਸ ਲਈ ਦੀਵਾਲੀ ਤੱਕ ਪ੍ਰਦੂਸ਼ਣ ਵਧਣ ਦੀ ਸੰਭਾਵਨਾ ਹੈ। ਅੱਜ ਮੀਟਿੰਗ ਵਿੱਚ ਵਿਚਾਰੇ ਗਏ ਵਿਸ਼ਿਆਂ ਅਨੁਸਾਰ ਪ੍ਰਦੂਸ਼ਣ ਪੈਦਾ ਕਰਨ ਵਾਲਿਆਂ ਵਿਰੁੱਧ ਏਅਰ ਐਕਟ ਤਹਿਤ ਐਫਆਈਆਰ ਦਰਜ ਕੀਤੀ ਜਾਵੇਗੀ।
ਭਾਜਪਾ ਵੱਲੋਂ ਪਟਾਕੇ ਚਲਾਉਣ ਦੇਣ ਦਾ ਸਵਾਗਤ
ਨਵੀਂ ਦਿੱਲੀ: ਭਾਜਪਾ ਵੱਲੋਂ ਹਰੇ ਪਟਾਕੇ ਚਲਾਉਣ ਦੇ ਹੁਕਮ ਦਾ ਸਵਾਗਤ ਦਿੱਲੀ ਸਰਕਾਰ ਨੇ ਹਰੇ ਪਟਾਕੇ ਸਾੜਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ’ਤੇ ਖੁਸ਼ੀ ਜ਼ਾਹਰ ਕਰਦੇ ਹੋਏ ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਆਖ਼ਰਕਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹਰੇ ਪਟਾਕੇ ਚਲਾਉਣ ’ਤੇ ਪਾਬੰਦੀ ਲਗਾਉਣ ਦੇ ਤੁਗਲਕੀ ਫਰਮਾਨ ਨੂੰ ਵਾਪਸ ਲੈਣਾ ਪਿਆ। ਇਸੇ ਦੌਰਾਨ ਦਿੱਲੀ ਪ੍ਰਦੇਸ਼ ਭਾਜਪਾ ਯੁਵਾ ਮੋਰਚਾ ਵੱਲੋਂ ਕੌਮੀ ਰਾਜਧਾਨੀ ਖੇਤਰ ਵਿੱਚ ਵਧ ਰਹੇ ਪ੍ਰਦੂਸ਼ਣ ਬਾਰੇ ਜਾਗਰੂਕਤਾ ਲਿਆਉਣ ਲਈ ਸਾਈਕਲ ਰੈਲੀ ਕੱਢੀ ਗਈ ਤੇ ਅਟਲ ਸੰਕਲਪ ਪ੍ਰੋਗਰਾਮ ਤਹਿਤ ਇੱਕ ਲੱਖ ਪੌਦੇ ਲਾਉਣ ਦਾ ਅਹਿਦ ਲਿਆ ਗਿਆ। ਸਾਬਕਾ ਪ੍ਰਧਾਨ ਮੰਤਰੀ ਮਰਹੂਮ ਭਾਜਪਾ ਅਟਲ ਬਿਹਾਰੀ ਵਾਜਪਾਈ ਦੇ ਨਾਂ ਹੇਠ ਇਸ ਦੌਰਾਨ ਕੌਮੀ ਪ੍ਰਧਾਨ ਤੇਜਸਵੀ ਸੂਰੀਆ, ਜਨਰਲ ਸਕੱਤਰ ਸਿਥਾਰਥਨ, ਮਨੋਜ ਤਿਵਾੜੀ, ਮੀਨਾਕਸ਼ੀ ਲੇਖੀ ਪ੍ਰਵੇਸ਼ ਸਾਹਿਬ ਸਿੰਘ ਵਰਮਾ ਤੇ ਉੱਤਰੀ ਨਗਰ ਨਿਗਮ ਦੇ ਮੇਅਰ ਜੈਪ੍ਰਕਾਸ਼ ਨੇ ਸ਼ਮੂਲੀਅਤ ਕੀਤੀ। ਇਹ ਸਾਈਕਲ ਰੈਲੀ ਅਟਲ ਸਮਾਧੀ ਤੋਂ ਸ਼ੁਰੂ ਹੋ ਕੇ ਅਜਮੇਰੀ ਗੇਟ ਹੁੰਦੀ ਹੋਈ ਪੰਡਿਤ ਸ਼ਿਆਮਾ ਪ੍ਰਸ਼ਾਦ ਮੁਖਰਜੀ ਸ਼ਹੀਦੀ ਪਾਰਕ ਵਿੱਚ ਖਤਮ ਹੋਈ, ਜਿਸ ਵਿੱਚ ਨੌਜਵਾਨਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਪੌਦੇ ਵੀ ਲਾਏ ਗਏ ਤੇ ਇਹ ਮੁਹਿੰਮ ਦਿੱਲੀ ਦੇ ਸਾਰੇ ਨਿਗਮਾਂ ਵਾਰਡਾਂ ਤੱਕ ਲੈ ਕੇ ਜਾਣ ਦਾ ਸੱਦਾ ਦਿੱਤਾ ਗਿਆ। ਦਿੱਲੀ ਭਾਜਪਾ ਦੇ ਯੂਥ ਵਿੰਗ ਦੇ ਪ੍ਰਧਾਨ ਵਾਸੂ ਰੁਖੜ ਸਮੇਤ ਹੋਰ ਆਗੂ ਸ਼ਾਮਲ ਹੋਏ। -ਪੱਤਰ ਪ੍ਰੇਰਕ