ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਦਸੰਬਰ
ਭਾਜਪਾ ਵੱਲੋਂ ਦਿੱਤੀ ਬਹਿਸ ਦੀ ਚੁਣੌਤੀ ਨੂੰ ਸਵੀਕਾਰ ਕਰਦਿਆਂ ਆਮ ਆਦਮੀ ਪਾਰਟੀ ਦੇ ਐੱਮਸੀਡੀ ਇੰਚਾਰਜ ਦੁਰਗੇਸ਼ ਪਾਠਕ ਨੇ ਕਿਹਾ ਕਿ ਬਹਿਸ ਲੋਕਤੰਤਰ ਦਾ ਅਹਿਮ ਹਿੱਸਾ ਹੈ।
‘ਆਪ’ ਆਗੂ ਪਾਠਕ ਨੇ ਕਿਹਾ, ‘‘ਮੈਨੂੰ ਖੁਸ਼ੀ ਹੈ ਕਿ ਭਾਜਪਾ ਨੇ ਆਮ ਆਦਮੀ ਪਾਰਟੀ ਨੂੰ ਬਹਿਸ ਦੀ ਚੁਣੌਤੀ ਦਿੱਤੀ ਹੈ। ਆਮ ਆਦਮੀ ਪਾਰਟੀ ਇਸ ਨੂੰ ਸਵੀਕਾਰ ਕਰਦੀ ਹੈ।’’ ਦੁਰਗੇਸ਼ ਪਾਠਕ ਨੇ ਭਾਜਪਾ ਮੇਅਰ ਤੋਂ ਬਹਿਸ ਦੇ ਸਥਾਨ ਅਤੇ ਸਮੇਂ ਬਾਰੇ ਜਾਣਕਾਰੀ ਮੰਗੀ ਅਤੇ ਕਿਹਾ ਕਿ ਆਸ ਹੈ ਕਿ ਭਾਜਪਾ ਇਸ ਤੋਂ ਭੱਜੇਗੀ ਨਹੀਂ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਮੇਅਰ ਨੇ ਆਮ ਆਦਮੀ ਪਾਰਟੀ ਨੂੰ ਬਹਿਸ ਲਈ ਚੁਣੌਤੀ ਦਿੱਤੀ ਹੈ। ਮੇਅਰ ਦਾ ਕਹਿਣਾ ਹੈ ਕਿ ‘ਆਪ’ ਵੱਲੋਂ ਦਿੱਲੀ ਭਾਜਪਾ ’ਤੇ ਲਾਏ ਗਏ ਸਾਰੇ ਦੋਸ਼ ਗਲਤ ਹਨ। ਪਾਠਕ ਨੇ ਕਿਹਾ, ‘‘ਮੈਂ ਮੇਅਰ ਨੂੰ ਦੱਸਣਾ ਚਾਹਾਂਗਾ ਕਿ ‘ਆਪ’ ਇਸ ਬਹਿਸ ਲਈ ਤਿਆਰ ਹੈ। ਮੈਂ ਖੁਦ ਇਸ ਚੁਣੌਤੀ ਨੂੰ ਸਵੀਕਾਰ ਕਰਦਾ ਹਾਂ। ਤੁਸੀਂ ਬਹਿਸ ਲਈ ਸਮਾਂ ਤੇ ਸਥਾਨ ਨਿਰਧਾਰਤ ਕਰੋ। ਮੈਂ ਹਰ ਮੁੱਦੇ ’ਤੇ ਤੁਹਾਡੇ ਨਾਲ ਬਹਿਸ ਕਰਨ ਲਈ ਤਿਆਰ ਹਾਂ।’’
ਉਨ੍ਹਾਂ ਕਿਹਾ ਕਿ ਭਾਜਪਾ ਪਿਛਲੇ 15 ਸਾਲਾਂ ਤੋਂ ਐਮਸੀਡੀ ਦੀ ਸੱਤਾ ਵਿੱਚ ਹੈ ਤੇ ਕਰਮਚਾਰੀਆਂ ਨੂੰ ਤਨਖਾਹ ਨਹੀਂ ਮਿਲ ਰਹੀ ਹੈ। ਇੰਨਾ ਸਮਾਂ ਸੱਤਾ ਵਿੱਚ ਰਹਿਣ ਦੇ ਬਾਵਜੂਦ ਦਿੱਲੀ ਵਿੱਚ ਹਰ ਪਾਸੇ ਕੂੜਾ ਹੀ ਕੂੜਾ ਹੈ। ਕਿਵੇਂ ਦਿੱਲੀ ਪੂਰੇ ਦੇਸ਼ ਦਾ ਸਭ ਤੋਂ ਗੰਦਾ ਸੂਬਾ ਹੈ। ਖੁਦ ਮੋਦੀ ਜੀ ਦੇ ਸਵੱਛਤਾ ਸਰਵੇਖਣ ਵਿੱਚ ਦਿੱਲੀ ਨੂੰ ਸਭ ਤੋਂ ਨੀਵਾਂ ਸਥਾਨ ਮਿਲਿਆ ਹੈ। ਜਦੋਂ ਵੀ ਕੋਈ ਵਿਅਕਤੀ ਦਿੱਲੀ ਆਉਂਦਾ ਹੈ ਤਾਂ ਉਸ ਦਾ ਸਵਾਗਤ ਕੂੜੇ ਦੇ ਤਿੰਨ ਵੱਡੇ ਪਹਾੜ ਕਰਦੇ ਹਨ। ਅੱਜ ਐਮਸੀਡੀ ਦੀ ਹਾਲਤ ਮਾੜੀ ਹੋ ਗਈ ਹੈ। ਇਨ੍ਹਾਂ ਸਾਰੇ ਮੁੱਦਿਆਂ ‘ਤੇ ਬਹਿਸ ਹੋਵੇਗੀ।