ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਅਕਤੂਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸੱਕਤਰ ਜਗਦੀਪ ਸਿੰਘ ਕਾਹਲੋਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹੇਮਕੁੰਟ ਸਾਹਿਬ ਲਈ ਰੋਪਵੇਅ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਉਸ ਨਾਲ ਬਜ਼ੁਰਗਾਂ ਤੇ ਬੱਚਿਆਂ ਨੂੰ ਯਾਤਰਾ ਕਰਨੀ ਸੌਖੀ ਹੋਵੇਗੀ। ਸ੍ਰੀ ਕਾਹਲੋਂ ਨੇ ਕਮੇਟੀ ਪ੍ਰਧਾਨ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਕੁਦਰਤੀ ਕਰੋਪੀਆਂ ਵਾਲੇ ਇਸ ਸਥਾਨ ਦੇ ਰਾਹ ਉਪਰ ਜਾਣਾ ਸੌਖਾ ਨਹੀਂ ਹੈ ਪਰ ਹੁਣ ਇਸ ਪ੍ਰਾਜੈਕਟ ਦੇ ਸਿਰੇ ਚੜ੍ਹ ਜਾਣ ਨਾਲ ਸ਼ਰਧਾਲੂਆਂ ਨੂੰ ਲਾਹਾ ਮਿਲੇਗਾ। ਉਨ੍ਹਾਂ ਕਿਹਾ ਕਿ ਸਿੱਖਾਂ ਵੱਲੋਂ 7 ਦਹਾਕਿਆਂ ਤੱਕ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਮੰਗ ਕੀਤੀ ਜਾਂਦੀ ਰਹੀ ਪਰ ਤਤਕਾਲੀ ਕਾਂਗਰਸ ਸਰਕਾਰ ਨੇ 60 ਇਸ ਮੰਗ ਵੱਲ ਧਿਆਨ ਨਹੀਂ ਦਿੱਤਾ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਭ ਤੋਂ ਪਹਿਲਾਂ ਇਹੀ ਮੰਗ ਪੂਰੀ ਕੀਤੀ ਸੀ। ਉਸੇ ਤਰ੍ਹਾਂ ਰੋਪਵੇਅ ਪ੍ਰਾਜੈਕਟ ਦੇ ਸ਼ੁਰੂ ਹੋਣ ਨਾਲ ਸਿੱਖਾਂ ਵਿੱਚ ਖੁਸ਼ੀ ਹੈ। ਇਸ ਮੌਕੇ ਵਿਕਰਮ ਸਿੰਘ ਰੋਹਿਣੀ ਤੇ ਹੋਰ ਆਗੂ ਵੀ ਹਾਜ਼ਰ ਸਨ। ਦਿੱਲੀ ਕਮੇਟੀ ਵੱਲੋਂ ਪ੍ਰਧਾਨ ਮੰਤਰੀ ਨੂੰ ਧੰਨਵਾਦੀ ਪੱਤਰ ਵੀ ਭੇਜਿਆ ਗਿਆ। ਇਸੇ ਦੌਰਾਨ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਵੀ ਸਿੱਖ ਕੌਮ ਨੂੰ ਵਧਾਈ ਦਿੱਤੀ ਕਿ ਰੋਪਵੇਅ ਦਾ ਪ੍ਰਾਜੈਕਟ ਆਪਣਾ ਅਸਲੀ ਰੂਪ ਅਖ਼ਤਿਆਰ ਕਰੇਗਾ।
ਫਰੀਦਾਬਾਦ (ਪੱਤਰ ਪ੍ਰੇਰਕ): ਸਨਅਤਕਾਰ ਐੱਸ.ਐੱਸ.ਬੰਗਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹੇਮਕੁੰਟ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਰੋਪਵੇਅ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ’ਤੇ ਖੁਸ਼ੀ ਪ੍ਰਗਟਾਈ ਹੈ। ਉਦਯੋਗਪਤੀ ਬੰਗਾ ਨੇ ਕਿਹਾ ਕਿ ਰੋਪਵੇਅ ਬਣਨ ਤੋਂ ਬਾਅਦ ਆਵਾਜਾਈ ਆਸਾਨ ਹੋ ਜਾਵੇਗੀ। ਇਸ ਦੇ ਬਣਦੇ ਹੀ ਸ਼ਰਧਾਲੂ ਆਸਾਨੀ ਨਾਲ ਹੇਮਕੁੰਟ ਸਾਹਿਬ ਦੇ ਦਰਸ਼ਨ ਕਰ ਸਕਣਗੇ।