ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਨਵੰਬਰ
‘‘ਮੋਦੀ ਸਰਕਾਰ ਵੱਲੋ ਕਰੋਨਾ ਦੀ ਆੜ ਵਿੱਚ ਥੋਪੇ ਕਿਸਾਨ, ਮਜ਼ਦੂਰ, ਆੜ੍ਹਤੀ, ਵਪਾਰੀ ਮਾਰੂ ਕਨੂੰਨ ਰੱਦ ਕਰਨ ਦਾ ਐਲਾਨ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਹੈ ਇਹ ਜਗਤ ਗੁਰੂ ਨਾਨਕ ਦੇਵ ਦੀ ਕਿਰਪਾ ਸਦਕਾ ਹੀ ਕਿਸਾਨੀ ਅੰਦੋਲਨ ਦੀ ਜਿੱਤ ਹੋਈ ਹੈ।’’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੰਬੇ ਸਮੇ ਤੋਂ ਕਿਸਾਨੀ ਝੰਡਿਆ ਦੀ ਸੇਵਾ ਨਿਭਾ ਰਹੇ ਉੱਘੇ ਖੇਡ ਪ੍ਰਮੋਟਰ ਨਰਿੰਦਰ ਸਿੰਘ ਕੰਗ ਤੇ ਅੱਜ ਸਿੰਘੂ ਬਾਰਡਰ ’ਤੇ ਕਿਸਾਨੀ ਝੰਡਿਆ ਦੀ ਸੇਵਾ ਜਾਰੀ ਰੱਖਦੇ ਹੋਏ ਕੀਤਾ। ਇਸ ਮੌਕੇ ਉਨ੍ਹਾਂ ਆਪਣਾ ਵਾਅਦਾ ਦੁਹਰਾਇਆ ਕਿ ਜਦੋਂ ਤੱਕ ਸਰਕਾਰ ਪਾਰਲੀਮੈਂਟ ਵਿੱਚ ਲਿਖਤੀ ਤੌਰ ’ਤੇ ਕਨੂੰਨ ਵਾਪਿਸ ਨਹੀਂ ਲੈਂਦੀ ਉਦੋਂ ਤੱਕ ਇਹ ਕਿਸਾਨੀ ਝੰਡਿਆਂ ਦੀ ਸੇਵਾ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਅੱਜ ਵੀ ਨਰਿੰਦਰ ਮੋਦੀ ਅਤ ਖੇਤੀ ਮੰਤਰੀ ਨਰਿੰਦਰ ਤੋਮਰ ਇਹ ਬਿਆਨ ਜਾਰੀ ਕਰ ਰਹੇ ਕਿ ਕੁਝ ਕਿਸਾਨਾਂ ਨੂੰ ਅਸੀਂ ਸਮਝਾ ਨਹੀਂ ਸਕੇ, ਪਰ ਕਿਸਾਨ ਆਪਣੀਆਂ ਫ਼ਸਲਾ ਅਤੇ ਨਸਲਾਂ ਬਾਰੇ ਬਹੁਤ ਜਾਗਰੂਕ ਹਨ ਦੇਸ਼ ਦਾ ਅੰਨਦਾਤਾ ਦਿੱਲੀ ਦੀਆਂ ਹੱਦਾਂ ’ਤੇ ਆਪਣੇ 700 ਦੇ ਕਰੀਬ ਭੈਣ-ਭਰਾਵਾਂ ਨੂੰ ਗੁਆ ਚੁੱਕਾ ਹੈ। ਉਨ੍ਹਾਂ ਸ਼ਹੀਦ ਕਿਸਾਨਾਂ ਲਈ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਸਲਾਹ ਕਰ ਕੇ ਉਨਾਂ ਪਰਿਵਾਰਾਂ ਦੀ ਹਰ ਸੰਭਵ ਮੱਦਦ ਕਰਨ ਅਤੇ ਫੈਸਲੇ ਸਬੰਧੀ ਐੱਮ. ਐੱਸ.ਪੀ ਅਤੇ ਕਿਸਾਨਾ ਨੂੰ ਆ ਰਹੀਆ ਹੋਰ ਮੁਸ਼ਕਲਾ ਦੇ ਹੱਲ ਲਈ ਮੋਦੀ ਸਰਕਾਰ ਨੂੰ ਪਹਿਲ ਕਰਨੀ ਚਾਹਿਦੀ ਹੈ। ਉਨ੍ਹਾਂ ਨੇ ਦੇਸ਼ ਭਰ ਦੇ ਹਰ ਧਰਮ, ਹਰ ਵਰਗ , ਹਰ ਜਾਤ ਦੀ ਅਵਾਮ ਦਾ ਇਸ ਕਿਸਾਨੀ ਸੰਘਰਸ਼ ਵਿੱਚ ਪਾਏ ਯੋਗਦਾਨ ਦਾ ਧੰਨਵਾਦ ਕੀਤਾ ਅਤੇ ਜਿੱਤ ਦੇ ਆਖਰੀ ਪਲ ਤੱਕ ਕਿਸਾਨ ਮੋਰਚੇ ਦਾ ਵੱਧ ਤੋਂ ਵੱਧ ਸਾਥ ਦੇਣ ਦੀ ਅਪੀਲ ਕੀਤੀ। ਸਮੂਹ ਕਿਸਾਨਾਂ ਨੇ ਫਿਰ ਤੋਂ ਜਗਤ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਦਿਹਾੜੇ ਦੀ ਸਮੂਹ ਦੇਸ਼ ਅਤੇ ਵਿਦੇਸ਼ ਦੀਆ ਸੰਗਤ ਨੂੰ ਵਧਾਈ ਦਿੱਤੀ ਅਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਫਿਰ ਖੁੱਲ੍ਹਣ ’ਤੇ ਖੁਸ਼ੀ ਪ੍ਰਗਟਾਈ।
‘ਔਰਤਾਂ ਤੇ ਨੌਜਵਾਨਾਂ ਨੇ ਸੰਘਰਸ਼ ਨੂੰ ਤਾਕਤ ਦਿੱਤੀ’
ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਅਤੇ ਜਨਰਲ-ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਕਿਸਾਨ-ਅੰਦੋਲਨ ਵਿੱਚ ਔਰਤਾਂ ਅਤੇ ਨੌਜਵਾਨਾਂ ਦੀ ਸਰਗਰਮ ਸ਼ਮੂਲੀਅਤ ਨੇ ਸੰਘਰਸ਼ ਨੂੰ ਮਜ਼ਬੂਤ ਕੀਤਾ ਹੈ, ਇਸੇ ਕਰਕੇ ਤਾਨਾਸ਼ਾਹ ਸਰਕਾਰ ਨੂੰ ਝੁਕਣ ਲਈ ਅਸੀਂ ਕਾਮਯਾਬ ਹੋਏ ਹਾਂ। ਕਿਸਾਨ-ਆਗੂਆਂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੇ ਕੇਂਦਰ-ਸਰਕਾਰ ਦੇ ਤਿੰਨੇ ਖੇਤੀ ਕਾਨੂੰਨਾਂ ਖ਼ਿਲਾਫ਼ ਸ਼ੁਰੂ ਕੀਤੇ ਦੇਸ਼-ਵਿਆਪੀ ਕਿਸਾਨ-ਅੰਦੋਲਨ ’ਚ ਇਤਿਹਾਸਕ ਭੂਮਿਕਾ ਨਿਭਾਈ ਹੈ। ਹਾਲਾਂਕਿ ਵੱਖ-ਵੱਖ ਕਿਸਾਨ-ਵਿਰੋਧੀ ਤਾਕਤਾਂ ਨੇ ਨੌਜਵਾਨਾਂ ਨੂੰ ਅੰਦੋਲਨ ਨਾਲੋਂ ਤੋੜਨ ਲਈ ਸਾਜ਼ਿਸ਼ਾਂ ਘੜੀਆਂ ਸਨ, ਪ੍ਰੰਤੂ ਨੌਜਵਾਨਾਂ ਨੇ ਸਾਰੀਆਂ ਸਾਜ਼ਿਸ਼ਾਂ ਨੂੰ ਬੇਨਕਾਬ ਵੀ ਕੀਤਾ ਹੈ ਅਤੇ ਲਗਾਤਾਰ ਸੁਚੇਤ ਵੀ ਹੋ ਰਹੇ ਹਨ। ਔਰਤਾਂ ਦੇ ਇਕੱਠਾਂ ਨੇ ਸਾਬਿਤ ਕਰ ਦਿੱਤਾ ਕਿ ਉਹ ਕਿਸੇ ਵੀ ਤਰ੍ਹਾਂ ਮਾਨਸਿਕ ਅਤੇ ਸਰੀਰਕ ਲੜਾਈਆਂ ਵਿੱਚ ਪਿੱਛੇ ਰਹਿਣ ਵਾਲੀਆਂ ਨਹੀਂ, ਬਲਕਿ ਬਰਾਬਰ ਦੀ ਹੈਸੀਅਤ ਵਿੱਚ ਸ਼ਾਮਲ ਹੁੰਦੀਆਂ ਹਨ।