ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਦਸੰਬਰ
ਜੀਐਸਟੀ ਕੌਂਸਲ ਦੀ ਮੀਟਿੰਗ ਵਿੱਚ ਕੱਪੜਿਆਂ ’ਤੇ ਵਧਿਆ ਟੈਕਸ ਵਾਪਸ ਲੈ ਲਿਆ ਗਿਆ ਹੈ। ਕੇਜਰੀਵਾਲ ਸਰਕਾਰ ਨੇ ਕੱਪੜਿਆਂ ‘ਤੇ ਟੈਕਸ ਵਧਾਉਣ ਦਾ ਵਿਰੋਧ ਕੀਤਾ ਸੀ। ਸ਼ੁੱਕਰਵਾਰ ਨੂੰ ਕੌਂਸਲ ਦੀ ਬੈਠਕ ‘ਚ ਜਦੋਂ ਇਹ ਮੁੱਦਾ ਉਠਿਆ ਤਾਂ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕੱਪੜਿਆਂ ’ਤੇ ਵਧਿਆ ਟੈਕਸ ਵਾਪਸ ਲੈਣ ਦੀ ਮੰਗ ਕੀਤੀ। ਉਪ ਮੁੱਖ ਮੰਤਰੀ ਨੇ ਕੌਂਸਲ ਦੀ ਮੀਟਿੰਗ ’ਚ ਟੈਕਸਟਾਈਲ ਇੰਡਸਟਰੀ ਨੂੰ ਸੁਧਾਰਨ ਦੀ ਲੋੜ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਕੱਪੜਾ ਉਦਯੋਗ ਦੇਸ਼ ਦੀ ਆਰਥਿਕਤਾ ਦਾ ਮਜ਼ਬੂਤ ਥੰਮ੍ਹ ਹੈ, ਕੇਂਦਰ ਸਰਕਾਰ ਨੂੰ ਇਸ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇਸ ਉਦਯੋਗ ਤੋਂ ਦੇਸ਼ ਦੇ 4 ਕਰੋੜ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ। ਇਸ ਤਰ੍ਹਾਂ ਇਹ ਉਦਯੋਗ 4 ਕਰੋੜ ਪਰਿਵਾਰ ਚਲਾ ਰਿਹਾ ਹੈ। ਇਸ ਉਦਯੋਗ ਵਿੱਚ ਰੁਜ਼ਗਾਰ ਦੇ ਵੱਡੇ ਮੌਕੇ ਹਨ। ਰੋਟੀ, ਕੱਪੜਾ ਤੇ ਮਕਾਨ ਹਰ ਮਨੁੱਖ ਦੀਆਂ ਪਹਿਲੀਆਂ ਲੋੜਾਂ ਹਨ। ਇਸ ਲਈ ਟੈਕਸਟਾਈਲ ਉਦਯੋਗ ਲਈ ਨੀਤੀ ਆਯੋਗ ਨੂੰ ਕੋਈ ਵੀ ਨੀਤੀ ਬਣਾਉਣ ਵੇਲੇ ਆਮ ਆਦਮੀ ਨੂੰ ਧਿਆਨ ਵਿੱਚ ਰੱਖ ਕੇ ਨੀਤੀ ਬਣਾਉਣੀ ਚਾਹੀਦੀ ਹੈ। ਉਪ ਮੁੱਖ ਮੰਤਰੀ ਨੇ ਕਿਹਾ, ‘‘ਕੇਜਰੀਵਾਲ ਸਰਕਾਰ ਹਰ ਕਦਮ ’ਤੇ ਆਮ ਆਦਮੀ ਦੇ ਨਾਲ ਖੜ੍ਹੀ ਹੈ ਅਤੇ ਅਸੀਂ ਆਮ ਆਦਮੀ ਦੇ ਖ਼ਿਲਾਫ਼ ਲਏ ਗਏ ਕਿਸੇ ਵੀ ਫੈਸਲੇ ਦਾ ਹਮੇਸ਼ਾ ਡਟਵਾਂ ਵਿਰੋਧ ਕਰਾਂਗੇ।’’