ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਅਕਤੂਬਰ
ਇਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸ਼ਾਹਦਰਾ (ਲੋਨੀ ਰੋਡ) ਦੇ ਹੜਤਾਲੀ ਅਧਿਆਪਕ ਆਪਣੀਆਂ ਬੀਤੇ ਮਹੀਨਿਆਂ ਦੀ ਰੁਕੀਆਂ ਤਨਖ਼ਾਹਾਂ ਦਿੱਤੀਆਂ ਜਾਣ ਦੇ ਭਰੋਸੇ ਮਗਰੋਂ ਹੀ ਹੜਤਾਲ ਤੋਂ ਉੱਠੇ। ਇਨ੍ਹਾਂ ਹੜਤਾਲੀ ਅਧਿਆਪਕਾਂ ਦੀ ਅਗਵਾਈ ਕਰਨ ਵਾਲੀ ਅਧਿਆਪਕਾ ਜਸਵੰਤ ਕੌਰ ਦੀ ਮੁਅੱਤਲੀ ਦਾ ਮਾਮਲਾ ਅਜੇ ਕਿਸੇ ਤਣ-ਪੱਤਣ ਨਹੀਂ ਲੱਗਾ। ਹੜਤਾਲ ਉਪਰ ਬੈਠੇ ਅਧਿਆਪਕਾਂ ਨੂੰ ਸਕੂਲ ਦੇ ਵਿਦਿਆਰਥੀਆਂ ਵੱਲੋਂ ਮਿਲਦੀ ਟਿਊਸ਼ਨ ਫ਼ੀਸ ਵਿੱਚੋਂ ਪਹਿਲ ਦੇ ਆਧਾਰ ’ਤੇ ਪਹਿਲਾਂ ਤਨਖ਼ਾਹ ਦਿੱਤੀ ਜਾਵੇਗੀ ਤੇ ਜਿਨ੍ਹਾਂ ਨੂੰ ਜ਼ਿਆਦਾ ਜ਼ਰੂਰਤ ਹੈ ਉਨ੍ਹਾਂ ਨੂੰ ਹੋਰ ਅਦਾਇਗੀ ਕਰਨ ਬਾਰੇ ਵੀ ਵਿਚਾਰਿਆ ਜਾਵੇਗਾ। ਇਸੇ ਦੌਰਾਨ ਕਰੋੋਲ ਬਾਗ਼ ਦੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਚੇਅਰਮੈਨ ਪ੍ਰਹਿਲਾਦ ਸਿੰਘ ਚੰਡੋਕ ਨੇ ਵੀ ਵਿਰੋਧੀਆਂ ਦੇ ਭੰਡੀ ਪ੍ਰਚਾਰ ਨੂੰ ਖੁੰਢਾ ਕਰਨ ਲਈ ਇਕ ਵੀਡੀਓ ਸੰਦੇਸ਼ ਜਾਰੀ ਕੀਤਾ ਤੇ ਕਿਹਾ ਕਿ ਉਨ੍ਹਾਂ ਦੇ ਇਸ ਸਕੂਲ ਵਿੱਚ ਵੀ 60% ਤਨਖ਼ਾਹ ਅਧਿਆਪਕਾਂ ਨੂੰ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਰੋਨਾ ਸੰਕਟ ਵਿੱਚ ਸਕੂਲਾਂ ਨੂੰ ਸਿਰਫ਼ ਟਿਊਸ਼ਨ ਫ਼ੀਸ ਹੀ ਮਿਲ ਰਹੀ ਹੈ ਜਿਸ ਕਰਕੇ ਅਦਾਇਗੀ ਵਿੱਚ ਮੁਸ਼ਕਲ ਆ ਰਹੀ ਹੈ ਪਰ ਫਿਰ ਵੀ ਅਧਿਆਪਕ ਤੇ ਪ੍ਰਬੰਧਕ ਤਾਲਮੇਲ ਕਰ ਰਹੇ ਹਨ। ਦਿੱਲੀ ਕਮੇਟੀ ਦੇ ਮੈਂਬਰ ਸਰਬਜੀਤ ਸਿੰਘ ਵਿਰਕ ਨੇ ਅਧਿਆਪਕਾਂ ਨੂੰ ਸਿਆਸੀ ਆਗੂਆਂ ਦੀਆਂ ਚਾਲਾਂ ਤੋਂ ਸੁਚੇਤ ਹੋ ਕੇ ਵਿਦਿਆਰਥੀਆਂ ਦੇ ਭਵਿੱਖ ਨੂੰ ਰੌਸ਼ਨ ਕਰਨ ਦੀ ਅਪੀਲ ਕੀਤੀ। ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵੱਲੋਂ ਦਾਅਵਾ ਕੀਤਾ ਗਿਆ ਕਿ ਦਿੱਲੀ ਅੰਦਰ ‘ਸੇਵ ਜੀਐਚਪੀਐੱਸ’ ਦੇ ਬੈਨਰ ਦੇਖੇ ਗਏ ਜੋ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਤੋਂ ਫ਼ੀਸਾਂ ਵੱਲ ਧਿਆਨ ਦੁਆਉਣ ਲਈ ਹਨ। ਇਸੇ ਦੌਰਾਨ ਜਾਗੋ ਪਾਰਟੀ ਵੱਲੋਂ ‘ਸੇਵ ਜੀਐਚਪੀਐੱਸ’ ਤਹਿਤ ਧਰਨਾ ਦੇ ਕੇ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਦੀ ਨਿੰਦਾ ਕੀਤੀ ਗਈ।