ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਸਤੰਬਰ
ਸਿੱਖਿਆ ਦੇ ਖੇਤਰ ਵਿੱਚ ਵਿਲੱਖਣ ਸੇਵਾਵਾਂ ਬਦਲੇ ਹਾਰਟ ਕੇਅਰ ਫਾਊਂਡੇਸ਼ਨ ਨੇ ਅੱਜ ਅਧਿਆਪਕ ਦਿਵਸ ਤੋਂ ਪਹਿਲਾਂ 120 ਤੋਂ ਵੱਧ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਦਾ ਸਨਮਾਨ ਕੀਤਾ। ਇਹ ਸਨਮਾਨ ਹਾਰਟ ਕੇਅਰ ਫਾਊਂਡੇਸ਼ਨ ਦੇ ਸੰਸਥਾਪਕ ਪ੍ਰਧਾਨ ਡਾ. ਕੇ.ਕੇ. ਅਗਰਵਾਲ ਦੇ ਮਿਸ਼ਨ ਦਾ ਹਿੱਸਾ ਹੈ। ਦਿੱਲੀ ਦੇ ਕਾਂਸਟੀਟਿਊਸ਼ਨ ਕਲੱਬ ਵਿੱਚ ਕਰਵਾਏ ਸਮਾਗਮ ਦੇ ਮੁੱਖ ਮਹਿਮਾਨ ਡਾ. ਸੰਯਮ ਭਾਰਦਵਾਜ, ਕੰਟਰੋਲਰ ਆਫ਼ ਐਗਜ਼ਾਮੀਨੇਸ਼ਨ, ਸੀਬੀਐੱਸਈ, ਐੱਮਐੱਚਆਰਡੀ, ਭਾਰਤ ਸਰਕਾਰ ਸਨ। ਵਿਸ਼ੇਸ਼ ਮਹਿਮਾਨਾਂ ਵਿੱਚ ਭਾਰਤ ਸਰਕਾਰ ਦੇ ਅਨਏਡਿਡ ਪ੍ਰਾਈਵੇਟ ਸਕੂਲਾਂ ਦੀ ਐਕਸ਼ਨ ਕਮੇਟੀ ਦੇ ਚੇਅਰਮੈਨ ਭਰਤ ਅਰੋੜਾ, ਹਿੰਦੁਸਤਾਨ ਸਕਾਊਟਸ ਐਂਡ ਗਾਈਡਜ਼ ਦੇ ਕੌਮੀ ਪ੍ਰਧਾਨ ਤੇ ਦਿੱਲੀ ਸਰਕਾਰ ਦੇ ਵਾਤਾਵਰਨ ਵਿਭਾਗ ਦੇ ਸਾਬਕਾ ਸੀਨੀਅਰ ਵਿਗਿਆਨੀ ਅਧਿਕਾਰੀ ਡਾ. ਬੀ.ਸੀ. ਹਾਜ਼ਰ ਸਨ। ਇਸ ਦੌਰਾਨ ਇੱਕ ਪੈਨਲ ਚਰਚਾ ਵੀ ਕਰਵਾਈ ਗਈ, ਜਿਸ ਵਿੱਚ ਮਾਹਿਰਾਂ ਨੇ ਮਹਾਮਾਰੀ ਤੋਂ ਬਾਅਦ ਦੇ ਸਮੇਂ ਵਿੱਚ ਬੱਚਿਆਂ ਦੀ ਮਾਨਸਿਕ ਸਿਹਤ ਅਤੇ ਤੰਦਰੁਸਤੀ ਬਾਰੇ ਚਰਚਾ ਕੀਤੀ। ਹਾਜ਼ਰ ਅਧਿਆਪਕਾਂ ਨੇ ਮਾਪਿਆਂ ਨੂੰ ਗੱਲਬਾਤ ਵਿੱਚ ਸ਼ਾਮਲ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਬੰਧਤ ਗੰਭੀਰ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇ। ਹਾਰਟ ਕੇਅਰ ਫਾਊਂਡੇਸ਼ਨ ਆਫ ਇੰਡੀਆ ਦੀ ਟਰੱਸਟੀ ਡਾ. ਵੀਨਾ ਅਗਰਵਾਲ ਨੇ ਕਿਹਾ ਕਿ ਬਾਲਗਪਨ ਦੌਰਾਨ ਚੰਗੀ ਸਿਹਤ ਦਾ ਆਨੰਦ ਲੈਣ ਲਈ ਸ਼ੁਰੂ ਤੋਂ ਹੀ ਸਿਹਤਮੰਦ ਜੀਵਨ ਸ਼ੈਲੀ ਦੇ ਉਪਾਵਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਮਹਾਮਾਰੀ ਨੇ ਬੱਚਿਆਂ ਨੂੰ ਬੈਠਣ ਵਾਲੀ ਜੀਵਨ ਸ਼ੈਲੀ ਦੀ ਅਗਵਾਈ ਕਰਨ ਵੱਲ ਧੱਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਡਾਕਟਰਾਂ, ਮਾਪਿਆਂ ਅਤੇ ਅਧਿਆਪਕਾਂ ਵਜੋਂ ਇਹ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਬੱਚਿਆਂ ਨੂੰ ਸਰੀਰਕ ਤੌਰ ‘ਤੇ ਸਰਗਰਮ ਰੱਖਣ, ਸਿਹਤਮੰਦ ਖੁਰਾਕ ਖਾਣ ਤੇ ਤਣਾਅ ਪ੍ਰਬੰਧਨ ਤਕਨੀਕਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ ਜਾਵੇ।