ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਜੂਨ
ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਤੇ ਉਰਦੂ ਭਾਸ਼ਾ ਅਧਿਆਪਕਾਂ ਦੀਆਂ ਅਸਾਮੀਆਂ ਭਰਨ ਦੇ ਗ਼ਲਤ ਤਰੀਕੇ ਨੂੰ ਸੁਧਾਰਨ ਦੀ ਮੰਗ ਲਈ ਕੌਮੀ ਘੱਟ ਗਿਣਤੀ ਕਮਿਸ਼ਨ ਵਿੱਚ ਪਟੀਸ਼ਨ ਦਾਖ਼ਲ ਕੀਤੀ ਗਈ ਹੈ। ਕਮਿਸ਼ਨ ਦੇ ਮੁਖੀ ਇਕਬਾਲ ਸਿੰਘ ਲਾਲਪੁਰਾ ਨੇ ਦੱਸਿਆ ਕਿ ਦੋ ਪਟੀਸ਼ਨਾਂ ਉਨ੍ਹਾਂ ਕੋਲ ਪਹੁੰਚੀਆਂ ਹਨ। ਉਨ੍ਹਾਂ ਕਿਹਾ ਕਿ ਇੱਕ ਪਟੀਸ਼ਨ ਰਣਜੀਤ ਕੌਰ ਵੱਲੋਂ ਵੀ ਪਾਈ ਗਈ ਹੈ। ਇਸ ’ਤੇ ਕਮਿਸ਼ਨ ਵੱਲੋਂ ਸਬੰਧਿਤ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।
ਵਕੀਲ ਅਜੈਪਾਲ ਵੱਲੋਂ ਤਿਆਰ ਕੀਤੀ ਪਟੀਸ਼ਨ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਦੇ ਅਧਿਆਪਕਾਂ ਦੀ 2021 ਵਿੱਚ ਹੋਈ ਭਰਤੀ ਪ੍ਰੀਖਿਆ ਉਪਰੰਤ ਦਿੱਲੀ ਅਧੀਨ ਸੇਵਾ ਚੋਣ ਬੋਰਡ ਵੱਲੋਂ ਤਿਆਰ ਕੀਤੀ ਗਈ ਵੱਖ-ਵੱਖ ਮੈਰਿਟ ਸੂਚੀ ਵਿੱਚ ਸੋਧ ਕਰਵਾਉਣ ਦੀ ਮੰਗ ਕੀਤੀ ਗਈ ਹੈ। ਮੰਗ ਕੀਤੀ ਗਈ ਕਿ ਟੀਜੀਟੀ ਪੰਜਾਬੀ ਤੇ ਉਰਦੂ ਭਾਸ਼ਾ ਅਧਿਆਪਕਾਂ ਦੀ ਮੈਰਿਟ ਸੂਚੀ ਦੋਵੇਂ ਪੇਪਰਾਂ ਦੇ ਨੰਬਰਾਂ ਨੂੰ ਜੋੜ ਕੇ ਮੁੜ ਬਣਾਈ ਜਾਵੇ। 2017 ਵਿੱਚ ਟੀਜੀਟੀ ਪੰਜਾਬੀ ਦੀਆਂ 214 ਪੋਸਟਾਂ ਲਈ ਹੋਈ ਪ੍ਰੀਖਿਆ ਵਿੱਚ ਸਿਰਫ਼ 53 ਉਮੀਦਵਾਰ ਸਫ਼ਲ ਐਲਾਨੇ ਗਏ ਸਨ। 2021 ਵਿੱਚ ਹੋਈ ਪ੍ਰੀਖਿਆ ਦੌਰਾਨ ਪੰਜਾਬੀ ਔਰਤ ਅਧਿਆਪਕਾਂ ਦੀ 492 ਅਸਾਮੀਆਂ ’ਚੋਂ ਸਿਰਫ਼ 72 ਪੋਸਟਾਂ ਭਰੀਆਂ ਗਈਆਂ ਹਨ। 382 ਮਰਦ ਪੰਜਾਬੀ ਅਧਿਆਪਕਾਂ ਦੀ ਪੋਸਟਾਂ ਲਈ ਸਿਰਫ਼ 66 ਉਮੀਦਵਾਰ ਪਾਸ ਹੋਏ ਹਨ। ਉਰਦੂ ਭਾਸ਼ਾ ਦੇ ਮਰਦ ਅਧਿਆਪਕਾਂ ਦੀ 346 ਪੋਸਟਾਂ ਉੱਤੇ 120 ਤੇ ਔਰਤ ਅਧਿਆਪਕਾਂ ਦੀ 571 ਪੋਸਟਾਂ ਲਈ ਸਿਰਫ਼ 57 ਉਮੀਦਵਾਰ ਸਫ਼ਲ ਐਲਾਨੇ ਗਏ ਹਨ।