ਕੁਲਦੀਪ ਸਿੰਘ
ਨਵੀਂ ਦਿੱਲੀ, 7 ਜਨਵਰੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਦੇ ਮਾਰਗ ਦਰਸ਼ਨ ਵਿੱਚ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਸ਼ਾਹਦਰਾ ਦੀ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰਾਂ ਕੋ-ਚੇਅਰਮੈਨ ਪਰਵਿੰਦਰ ਸਿੰਘ ਲੱਕੀ, ਮੈਨੇਜਰ ਦਲਵਿੰਦਰ ਸਿੰਘ ਤੇ ਪ੍ਰਿੰਸੀਪਲ ਸਤਬੀਰ ਸਿੰਘ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਪੱਧਰ ’ਤੇ ਨਿਵੇਕਲੇ ਕਾਰਜ ਕੀਤੇ ਜਾ ਰਹੇ ਹਨ। ਇਸੇ ਤਹਿਤ ਸਕੂਲੀ ਪ੍ਰਬੰਧਕਾਂ ਵੱਲੋਂ ਸਕੂਲ ਵਿੱਚ ਕੌਮਾਂਤਰੀ ਵੈਬਿਨਾਰ ਕਰਵਾਇਆ ਕੀਤਾ ਗਿਆ। ਵੈਬਿਨਾਰ ਵਿੱਚ ਮਲੇਸ਼ੀਆ ਦੀ ਯੂਨਾਇਟਡ ਬਾਏ ਇੰਕ ਦੀ ਫਾਊਂਡਰ ਸਪਨਾ ਸ਼ਿਵਾਨੀ ਕੇਕਰੇ ਨੇ ਮੁੱਖ ਬੁਲਾਰੇ ਵਜੋਂ ਹਾਜ਼ਰੀ ਭਰੀ। ਸਕੂਲ ਪ੍ਰਿੰਸੀਪਲ ਵੱਲੋਂ ਉਨ੍ਹਾਂ ਨੂੰ ਜੀ ਆਇਆਂ ਆਖਦੇ ਹੋਏ ਸਕੂਲੀ ਅਧਿਆਪਕਾਂ ਨਾਲ ਮੁੱਢਲੀ ਜਾਣ-ਪਛਾਣ ਕਰਵਾਈ ਗਈ। ਇਸ ਮੌਕੇ ’ਤੇ ਮੈਡਮ ਸਪਨਾ ਨੇ ਅਧਿਆਪਕਾ ਨੂੰ ‘ਸਕੂਲੀ ਸਿੱਖਿਆ ਦੇ ਖੇਤਰ ਵਿੱਚ ਵਿਸ਼ਵ-ਪੱਧਰ ’ਤੇ ਆ ਰਹੀਆਂ ਚੁਣੌਤੀਆਂ’ ਬਾਰੇ ਸੰਬੋਧਨ ਕਰਦਿਆਂ ਕਿਹਾ ਕਿ ਗਲੋਬਲਾਈਜੇਸ਼ਨ ਦੇ ਯੁੱਗ ਵਿੱਚ ਅੱਜ ਸਮਾਜ ਨੂੰ ਜਿਹੜੀ ਸਭ ਤੋਂ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਹ ਸਿੱਖਿਆ ਦੇ ਖੇਤਰ ਵਿੱਚ ਆ ਰਹੇ ਨਵੇਂ ਬਦਲਾਅ ਸਬੰਧੀ ਹੈ। ਸਮਾਜ ਵੱਲੋਂ ਅਧਿਆਪਕਾਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਵਿਦਿਆਰਥੀਆਂ ਨੂੰ ਮਾਨਸਿਕ ਤਨਾਅ ਤੋਂ ਰਹਿਤ ਸਿੱਖਿਆ ਦੇਣ ਲਈ ਅੱਗੇ ਆਉਣਗੇ। ਇਸ ਲਈ ਸਕੂਲੀ ਅਧਿਆਪਕਾਂ ਨੂੰ ਆਪਣੇ ਵਿਸ਼ੇ ਨੂੰ ਰੋਚਕਪੂਰਨ ਬਣਾਉਣ ਲਈ ਗਤੀਵਿਧੀਆਂ ਦਾ ਸਹਾਰਾ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਆਪਣੇ ਮੁਲਕ ਮਲੇਸ਼ੀਆ ਬਾਰੇ ਦੱਸਦੇ ਹੋਏ ਕਿਹਾ ਕਿ ਇਥੋਂ ਦੇ ਬੱਚਿਆਂ ਨੂੰ ਸਕੂਲੀ ਪਾਠਕ੍ਰਮ ਦੇ ਬੋਝ ਤੋਂ ਹਟਾਉਂਦੇ ਹੋਏ ਗਤੀਵਿਧੀਆਂ ਰਾਹੀਂ ਸਿੱਖਣ ’ਤੇ ਜਰ ਦਿੱਤਾ ਜਾਂਦਾ ਹੈ। ਭਾਰਤੀ ਸਿੱਖਿਆ ਪ੍ਰਣਾਲੀ ਵਿੱਚ ਵੀ ਇਸ ਨੂੰ ਅਪਨਾਉਣ ਦੀ ਲੋੜ ਹੈ। ਵੈਬੀਨਾਰ ਦੇ ਦੂਜੇ ਹਿੱਸੇ ਵਿੱਚ ਸਕੂਲੀ ਅਧਿਆਪਕਾਂ ਨੇ ਪ੍ਰਸ਼ਨ-ਉੱਤਰ ਦੀ ਗੱਲਬਾਤ ਦੀ ਸ਼ੈਲੀ ਨਾਲ ਰੋਚਕ ਭਰਪੂਰ ਬਣਾ ਦਿੱਤਾ।