ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਨਵੰਬਰ
ਇਥੇ ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਨੂੰ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਸਮਾਜ ਪ੍ਰਤੀ ਉਨ੍ਹਾਂ ਦੀਆਂ ਸੇਵਾਵਾਂ ਬਦਲੇ 2021 ਦਾ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਰਾਸ਼ਟਰਪਤੀ ਭਵਨ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ ਕੈਬਨਿਟ ਸਾਥੀਆਂ ਦੀ ਹਾਜ਼ਰੀ ਵਿੱਚ ਭੇਟ ਕੀਤਾ ਗਿਆ। ਇਸ ਤੋਂ ਪਹਿਲਾਂ ਸ੍ਰੀ ਤਰਲੋਚਨ ਸਿੰਘ ਨੂੰ ਏਸ਼ੀਆਡ ਖੇਡਾਂ 1982 ਲਈ ਸਮੁੱਚੇ ਪ੍ਰਬੰਧਾਂ ਲਈ ਰਾਸ਼ਟਰਪਤੀ ਵੱਲੋਂ ਵਿਸ਼ਸ਼ਟ ਜਿਓਤੀ ਸੇਵਾ ਏਸ਼ੀਆਡ ਸਨਮਾਨ ਦਿੱਤਾ ਗਿਆ ਸੀ। 28 ਜੁਲਾਈ 1933 ਨੂੰ ਪਾਕਿਸਤਾਨ ਵਿੱਚ ਜਨਮੇ ਤਰਲੋਚਨ ਸਿੰਘ 2003 ਤੋਂ 2006 ਤੱਕ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਵੱਜੋਂ ਵੀ ਸੇਵਾਵਾਂ ਦੇ ਚੁੱਕੇ ਹਨ। ਉਨ੍ਹਾਂ ਦੀ ਪਛਾਣ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਪ੍ਰੈੱਸ ਸਕੱਤਰ ਦਾ ਅਹੁਦਾ ਸਾਂਭਣ ਦੌਰਾਨ ਕੌਮਾਂਤਰੀ ਪੱਧਰ ’ਤੇ ਬਣੀ।