ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਅਗਸਤ
ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਕੁੱਝ ਦਿਨ ਪਹਿਲਾਂ ਵਾਪਰੀ ਤਿੰਨ ਸਕੂਲੀ ਵਿਦਿਆਰਥਣਾਂ ਨਾਲ ਬਲਾਤਕਾਰ ਦੀ ਘਟਨਾ ਸਬੰਧੀ ਪੁਲੀਸ ਨੂੰ ਨੋਟਿਸ ਭੇਜ ਕੇ ਮਾਮਲੇ ਦੇ ਸਾਰੇ ਵੇਰਵੇ ਮੰਗੇ ਹਨ। ਸਵਾਤੀ ਨੇ ਪੁਲੀਸ ਤੋਂ ਮਾਮਲੇ ਦੀ ਵਿਸਤ੍ਰਿਤ ਰਿਪੋਰਟ ਵੀ ਮੰਗੀ ਹੈ ਅਤੇ ਕਿਹਾ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਨੋਟਿਸ ਵਿੱਚ ਚੇਅਰਪਰਸਨ ਨੇ ਖੁਲਾਸਾ ਕੀਤਾ ਕਿ ਕੁੜੀਆਂ ਦਾ ਇਕੱਠੇ ਮੁੰਬਈ ਜਾਣ ਦੀ ਯੋਜਨਾ ਸੀ। ਜਦੋਂ ਉਹ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਇੱਕ ਅਜਨਬੀ ਉਨ੍ਹਾਂ ਕੋਲ ਆਇਆ ਅਤੇ ਟਿਕਟਾਂ ਬੁੱਕ ਕਰਨ ਵਿੱਚ ਮਦਦ ਕਰਨ ਦੀ ਪੇਸ਼ਕਸ਼ ਕੀਤੀ। ਉਹ ਤਿੰਨੋਂ ਲੜਕੀਆਂ ਨੂੰ ਰੋਹਿਣੀ ਸਥਿਤ ਆਪਣੇ ਘਰ ਲੈ ਗਿਆ, ਜਿੱਥੇ ਪਹਿਲਾਂ ਤੋਂ ਦੋ ਔਰਤਾਂ ਮੌਜੂਦ ਸਨ। ਉਨ੍ਹਾਂ ਨੇ ਸ਼ਰਾਬ ਪੀਤੀ ਤੇ ਉਸ ਵਿਅਕਤੀ ਨੇ ਉਨ੍ਹਾਂ ਤਿੰਨਾਂ ਨਾਲ ਬਲਾਤਕਾਰ ਕੀਤਾ। ਅਗਲੇ ਦਿਨ ਜਦੋਂ ਲੜਕੀਆਂ ਨੇ ਉਸ ਨੂੰ ਮੁੰਬਈ ਭੇਜਣ ਲਈ ਬੇਨਤੀ ਕੀਤੀ ਤਾਂ ਉਸ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਰਾਜਸਥਾਨ ਲੈ ਕੇ ਜਾਵੇਗਾ, ਜਿੱਥੇ ਉਹ ਉਨ੍ਹਾਂ ਦਾ ਵਿਆਹ ਕਰਵਾ ਦੇਵੇਗਾ। ਜਦੋਂ ਉਹ ਕਸ਼ਮੀਰੀ ਗੇਟ ’ਤੇ ਪਹੁੰਚੀਆਂ ਤਾਂ ਭੱਜ ਕੇ ਆਪਣੇ ਪਰਿਵਾਰਾਂ ਨਾਲ ਸੰਪਰਕ ਕਰਨ ਵਿੱਚ ਕਾਮਯਾਬ ਹੋ ਗਈਆਂ। ਉਨ੍ਹਾਂ ਨੂੰ ਡਿਫੈਂਸ ਕਲੋਨੀ ਸਥਿਤ ਥਾਣੇ ਲਿਜਾਇਆ ਗਿਆ।
ਮਨਦੀਪ ਕੌਰ ਲਈ ਇਨਸਾਫ਼ ਮੰਗਿਆ
ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਰੱਖੜੀ ਭੇਜੀ, ਜਿਸ ਵਿੱਚ ਨਿਊਯਾਰਕ ਦੀ ਰਹਿਣ ਵਾਲੀ ਮਨਦੀਪ ਕੌਰ ਲਈ ਇਨਸਾਫ਼ ਦੀ ਮੰਗ ਕੀਤੀ ਗਈ। ਮਨਦੀਪ ਕੌਰ ਨੇ ਆਪਣੇ ਪਤੀ ਵੱਲੋਂ ਵਾਰ-ਵਾਰ ਘਰੇਲੂ ਸ਼ੋਸ਼ਣ ਦਾ ਸ਼ਿਕਾਰ ਹੋ ਕੇ ਖੁਦਕੁਸ਼ੀ ਕਰ ਲਈ ਸੀ। ਦਿੱਲੀ ਮਹਿਲਾ ਕਮਿਸ਼ਨ ਵੱਲੋਂ ਪੱਤਰ ਵਿੱਚ ਸਵਾਤੀ ਨੇ ਮੰਤਰੀ ਨੂੰ ਮ੍ਰਿਤਕਾ ਅਤੇ ਉਸ ਦੇ ਪਰਿਵਾਰ ਨੂੰ ਨਿਆਂ ਦਿਵਾਉਣ ਲਈ ਕਦਮ ਚੁੱਕਣ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਜਾਰੀ ਕਰਨ ਦੀ ਬੇਨਤੀ ਕੀਤੀ। ਮਾਲੀਵਾਲ ਨੇ ਜੈਸ਼ੰਕਰ ਨੂੰ ਮ੍ਰਿਤਕ ਦੇਹ ਭਾਰਤ ਵਿੱਚ ਉਸ ਦੇ ਪਰਿਵਾਰ ਕੋਲ ਵਾਪਸ ਲਿਆਉਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ।