ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਅਪਰੈਲ
ਦਿੱਲੀ ਸਰਕਾਰ ਵੱਲੋਂ ਕਰਵਾਏ ਗਏ ਇੱਕ ਸਰਵੇਖਣ ਅਨੁਸਾਰ ਦਿੱਲੀ ਵਿੱਚ ਆਮ ਆਦਮੀ ਮੁਹੱਲਾ ਕਲੀਨਿਕਾਂ ਵਿੱਚ ਆਉਣ ਵਾਲੇ ਲਗਭਗ 93 ਫ਼ੀਸਦ ਮਰੀਜ਼ ਉੱਥੇ ਦਿੱਤੀਆਂ ਜਾਂਦੀਆਂ ਸੇਵਾਵਾਂ ਤੋਂ ਸੰਤੁਸ਼ਟ ਹਨ। ਔਸਤਨ ਇੱਕ ਮਰੀਜ਼ ਮੁਹੱਲਾ ਕਲੀਨਿਕਾਂ ਵਿੱਚ 18 ਮਿੰਟ ਬਿਤਾਉਂਦਾ ਹੈ। 9.92 ਮਿੰਟ ਡਾਕਟਰ ਨੂੰ ਮਿਲਣ ਲਈ ਅਤੇ 8.35 ਮਿੰਟ ਨਿਰਧਾਰਤ ਦਵਾਈਆਂ ਲੈਣ ਲਈ ਉਹ ਉੱਥੇ ਰੁਕਦਾ ਹੈ। ਸਰਕਾਰੀ ਅੰਕੜਿਆਂ ਅਨੁਸਾਰ 2019 ਵਿੱਚ 104 ਦੇ ਮੁਕਾਬਲੇ 2021 ਵਿੱਚ ਪ੍ਰਤੀ ਮੁਹੱਲਾ ਕਲੀਨਿਕ ਪ੍ਰਤੀ ਦਿਨ ਲਗਭਗ 116 ਮਰੀਜ਼ਾਂ ਨਾਲ ਮੁਲਾਕਾਤਾਂ ਦਰਜ ਕੀਤੀਆਂ ਗਈਆਂ ਹਨ। ਕੌਮੀ ਰਾਜਧਾਨੀ ਵਿੱਚ 520 ਮੁਹੱਲਾ ਕਲੀਨਿਕ ਚੱਲ ਰਹੇ ਹਨ। ਅੰਕੜਿਆਂ ਮੁਤਾਬਕ 2019 ਵਿੱਚ ਉਨ੍ਹਾਂ ਦੀ ਗਿਣਤੀ 403 ਅਤੇ 2020 ਵਿੱਚ 503 ਸੀ।
ਸਰਵੇਖਣ ਵਿੱਚ ਇਹ ਵੀ ਦਿਖਾਇਆ ਗਿਆ ਹੈ ਕਿ ਪ੍ਰਤੀ ਦਿਨ ਦਿੱਲੀ ਦੀਆਂ ਸਰਕਾਰੀ ਡਿਸਪੈਂਸਰੀਆਂ ਵਿੱਚ ਮਰੀਜ਼ਾਂ ਦੇ ਆਉਣ ਦੀ ਗਿਣਤੀ 2019 ਵਿੱਚ 190 ਅਤੇ 2020 ਵਿੱਚ 195 ਤੋਂ 2021 ਵਿੱਚ ਘੱਟ ਕੇ 72 ਹੋ ਗਈ ਹੈ। ਪ੍ਰਤੀ ਦਿਨ ਦਿੱਲੀ ਸਰਕਾਰੀ ਪੌਲੀਕਲੀਨਿਕ ਵਿੱਚ ਮਰੀਜ਼ਾਂ ਦੀ ਔਸਤ ਗਿਣਤੀ 2019 ਵਿੱਚ 245 ਤੋਂ ਘੱਟ ਕੇ 146 ਰਹਿ ਗਈ ਹੈ। 2021 ਦੇ ਉਕਤ ਅੰਕੜੇ ਪੇਸ਼ ਕੀਤੇ ਗਏ ਹਨ। ਰਾਜਧਾਨੀ ਵਿੱਚ 29 ਸਰਕਾਰੀ ਪੌਲੀਕਲੀਨਿਕ ਤੇ 175 ਡਿਸਪੈਂਸਰੀਆਂ ਸੇਵਾਵਾਂ ਵਿੱਚ ਹਨ।