ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਅਗਸਤ
ਦਿੱਲੀ ਸਰਕਾਰ 1.38 ਲੱਖ ਸੀਸੀਟੀਵੀ ਕੈਮਰੇ ਲਗਾਉਣ ਦੇ ਲਈ ਢੁੱਕਵੇਂ ਸਥਾਨਾਂ ਦੀ ਖੋਜ ਲਈ ਪੂਰੇ ਸ਼ਹਿਰ ਵਿੱਚ ਸਰਵੇਖਣ ਕਰ ਰਹੀ ਹੈ ਜਿਸਦਾ ਉਦੇਸ਼ ਜਨਤਕ ਸੁਰੱਖਿਆ ਵਧਾਉਣਾ ਹੈ। ਪ੍ਰਾਜੈਕਟ ਦੇ ਪਹਿਲੇ ਪੜਾਅ ਵਿੱਚ ਕੌਮੀ ਰਾਜਧਾਨੀ ਦੇ 70 ਵਿਧਾਨ ਸਭਾ ਹਲਕਿਆਂ ਵਿੱਚੋਂ 67 ਵਿੱਚ 1.4 ਲੱਖ ਸੀਸੀਟੀਵੀ ਲਗਾਏ ਗਏ ਸਨ। ਵਿਸ਼ਵਾਸ ਨਗਰ, ਮੁਸਤਫਾਬਾਦ ਤੇ ਗਾਂਧੀ ਨਗਰ ਹਲਕਿਆਂ ਵਿੱਚ ਕੈਮਰੇ ਸਥਾਪਤ ਕੀਤੇ ਜਾਣੇ ਬਾਕੀ ਹਨ। ਸਰਕਾਰ ਨੇ ਦਿੱਲੀ ਵਿਧਾਨ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਸੀ ਕਿ ਪਹਿਲਾ ਪੜਾਅ ਚੱਲ ਰਿਹਾ ਹੈ ਜਦੋਂ ਕਿ ਦੂਜਾ ਸ਼ੁਰੂਆਤੀ ਪੜਾਅ ਵਿੱਚ ਹੈ ਤੇ ਸਰਵੇਖਣ ਕੀਤੇ ਜਾ ਰਹੇ ਹਨ। ਸਰਕਾਰ ਨੇ ਕਿਹਾ, “ਵਿਸ਼ਵਾਸ ਨਗਰ, ਗਾਂਧੀਨਗਰ ਤੇ ਮੁਸਤਫਾਬਾਦ ਵਿੱਚ, ਸੀਸੀਟੀਵੀ ਲਗਾਏ ਜਾਣਗੇ। ਯੋਜਨਾ ਦੇ ਤਹਿਤ ਹਰੇਕ ਵਿਧਾਨ ਸਭਾ ਹਲਕੇ ਵਿੱਚ ਲਗਪਗ 4000 ਕੈਮਰੇ ਲਗਾਏ ਜਾਣੇ ਹਨ। ਵਿਸ਼ਵਾਸ ਨਗਰ ਦੀ ਨੁਮਾਇੰਦਗੀ ਭਾਜਪਾ ਵਿਧਾਇਕ ਓਮ ਪ੍ਰਕਾਸ਼ ਸ਼ਰਮਾ ਕਰ ਰਹੇ ਹਨ। ਭਾਜਪਾ ਦੇ ਜਗਦੀਸ਼ ਪ੍ਰਧਾਨ ਨੇ 2015 ਵਿੱਚ ਮੁਸਤਫਾਬਾਦ ਜਿੱਤਿਆ ਸੀ ਜਦੋਂ ਕਿ 2020 ਵਿੱਚ ਸੀਟ ‘ਆਪ’ ਦੇ ਹਾਜੀ ਯੂਨਸ ਨੇ ਹਾਸਲ ਕੀਤੀ ਸੀ। ਗਾਂਧੀਨਗਰ ਤੋਂ ਭਾਜਪਾ ਵਿਧਾਇਕ ਅਨਿਲ ਬਾਜਪਾਈ ਪਿਛਲੇ ਕਾਰਜਕਾਲ ਵਿੱਚ ‘ਆਪ’ ਦੇ ਨਾਲ ਸਨ। ਭਾਜਪਾ ਨੇ ਦੋਸ਼ ਲਾਇਆ ਸੀ ਕਿ ਭਾਜਪਾ ਵਿਧਾਇਕਾਂ ਦੁਆਰਾ ਨੁਮਾਇੰਦਗੀ ਕੀਤੇ ਹਲਕਿਆਂ ਨਾਲ ਪ੍ਰਾਜੈਕਟ ਦੇ ਤਹਿਤ ਭੇਦਭਾਵ ਕੀਤਾ ਜਾ ਰਿਹਾ ਹੈ। ਪ੍ਰਾਜੈਕਟ 2019 ਵਿੱਚ ਉਪ ਰਾਜਪਾਲ ਅਨਿਲ ਬੈਜਲ ਦੁਆਰਾ ਬਣਾਏ ਗਏ ਇੱਕ ਪੈਨਲ ਨੂੰ ਲੈ ਕੇ ਵਿਵਾਦ ’ਚ ਘਿਰ ਗਿਆ, ਜਿਸ ਵਿੱਚ ਦਿੱਲੀ ਪੁਲੀਸ ਨੂੰ ਕੈਮਰਿਆਂ ਦੀ ਨਿਗਰਾਨੀ ਦੀ ਸਿਫਾਰਸ਼ ਕੀਤੀ ਗਈ ਸੀ।