ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਜੁਲਾਈ
ਯੋਗ ਗੁਰੂ ਡਾ. ਅਨਿਲ ਜੈਨ ਵੱਲੋਂ ਕੁਦਰਤੀ ਇਲਾਜ ਦੀਆਂ ਵਿਧੀਆਂ ਬਾਰੇ ਆਪਣੀ ਕਿਤਾਬ ‘ਹੀਲਿੰਗ ਵਿਦ ਨੈੱਚਰ’ ਜੀ-20 ਮੁਲਕਾਂ ਦੇ ਸ਼ੇਰਪਾ ਤੇ ਸਾਬਕਾ ਰੇਲ ਮੰਤਰੀ ਸੁਰੇਸ਼ ਪ੍ਰਭੂ ਨੂੰ ਭੇਟ ਕੀਤੀ ਗਈ। ਇਸ ਕਿਤਾਬ ਵਿੱਚ ਭਾਰਤੀ ਕੁਦਰਤੀ ਵਿਧੀਆਂ ਨਾਲ ਇਲਾਜ ਤੇ ਨਵੀਂ ਤਕਨੀਕਾਂ ਨਾਲ ਮੌਜੂਦਾ ਦੌਰਾਨ ਦੇ ਸ਼ਰੀਰਕ ਵਿਗਾੜਾਂ ਨੂੰ ਦੂਰ ਕਰਨ ਬਾਰੇ ਸਰਲਤਾ ਨਾਲ ਲਿਖਿਆ ਗਿਆ ਹੈ। ਡਾ. ਜੈਨ ਵੱਲੋਂ ਫਲਾਂ, ਸਬਜ਼ੀਆਂ, ਹਰੀ ਘਾਹ, ਕਣਕ ਦੀ ਘਾਹ ਤੇ ਹੋਰ ਭਾਰਤੀ ਕੁਦਰਤੀ ਜੜੀ-ਬੂਟੀਆਂ ਨਾਲ ਲੰਬੇ ਸਮੇਂ ਦੀਆਂ ਬਿਮਾਰੀਆਂ ਦੇ ਇਲਾਜ ਵਿੱਚ ਮਹਾਰਤ ਹਾਸਲ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਵਿਧੀਆਂ ਨਾਲ ਗ਼ਰੀਬਾਂ ਦਾ ਕਲਿਆਣ ਹੋਇਆ ਤੇ ਉਹ ਸਾਰੀਆਂ ਸੇਵਾਵਾਂ ਮੁਫ਼ਤ ਦਿੰਦੇ ਹਨ। ਉਹ 20 ਹਜ਼ਾਰ ਫੁੱਟ ਉਪਰ ਯੋਗ ਦੇ 88 ਆਸਨ ਕਰਨ ਦਾ ਰਿਕਾਰਡ ਵੀ ਰੱਖਦੇ ਹਨ। ‘ਹੀਲਿੰਗ ਵਿਦ ਨੈੱਚਰ’ ਕਿਤਾਬ ਦਾ ਮੁੱਖਬੰਦ ਆਯੂਸ਼ ਤੇ ਰੱਖਿਆ ਰਾਜ ਮੰਤਰੀ ਸ੍ਰੀਪਦ ਨਾਈਕ ਵੱਲੋਂ ਲਿਖਿਆ ਗਿਆ ਹੈ। ਡਾ. ਜੈਨ ਨੇ ਕਿਹਾ ਕਿ ਜਦੋਂ ਡਾਕਟਰੀ ਪੇਸ਼ੇ ਵਿੱਚ ਮਾੜੇ ਅਨਸਰ ਵੜ ਚੁੱਕੇ ਹਨ ਤਾਂ ਭਾਰਤੀ ਦਵਾਈਆਂ ਨਾਲ ਸਸਤਾ ਇਲਾਜ ਕਰਨਾ ਹੋਰ ਵੀ ਲਾਜ਼ਮੀ ਹੋ ਗਿਆ ਹੈ।