ਨਵੀਂ ਦਿੱਲੀ, 12 ਨਵੰਬਰ
ਦਿੱਲੀ ਤੇ ਐਨਸੀਆਰ ਖੇਤਰ ਵਿਚ ਇਨ੍ਹਾਂ ਦਿਨਾਂ ਵਿਚ ਪ੍ਰਦੂਸ਼ਣ ਵਧ ਰਿਹਾ ਹੈ ਜਿਸ ਕਾਰਨ ਖੇਤਰ ਵਾਸੀਆਂ ਨੂੰ ਸਾਹ ਲੈਣ ਤੇ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮਾਮਲੇ ਵਿਚ ਸੁਪਰੀਮ ਕੋਰਟ ਵਿੱਚ 13 ਨਵੰਬਰ ਨੂੰ ਸੁਣਵਾਈ ਹੋਵੇਗੀ।ਅਧਿਕਾਰੀਆਂ ਨੇ ਇਸ ਖੇਤਰ ਵਿਚ ਵਧ ਰਹੇ ਪ੍ਰਦੂਸ਼ਣ ਕਾਰਨ ਹਦਾਇਤ ਕੀਤੀ ਹੈ ਕਿ ਦਿੱਲੀ ਵਾਸੀ ਸਿਰਫ ਜ਼ਰੂਰੀ ਕੰਮਾਂ ਲਈ ਹੀ ਘਰੋਂ ਬਾਹਰ ਨਿਕਲਣ। ਇਸ ਦੇ ਨਾਲ ਹੀ ਸਰਕਾਰੀ ਤੇ ਪ੍ਰਾਈਵੇਟ ਦਫਤਰਾਂ ਵਿਚ ਵੀ ਵਾਹਨਾਂ ਦੀ ਦਰ ਵਿਚ 30 ਫੀਸਦੀ ਕਟੌਤੀ ਕਰਨ ਲਈ ਕਿਹਾ ਗਿਆ ਹੈ। ਇਥੇ ਹੰਗਾਮੀ ਹਾਲਤ ਨੂੰ ਦੇਖਦੇ ਹੋਏ ਦਫਤਰੀ ਮੁਲਾਜ਼ਮਾਂ ਨੂੰ ਘਰ ਤੋਂ ਕੰਮ ਕਰਨ ਜਾਂ ਕਾਰ ਪੂਲ ਕਰਨ ਦੇ ਸੁਝਾਅ ਦਿੱਤੇ ਗਏ ਹਨ ਤਾਂ ਕਿ ਖੇਤਰ ਵਿਚ ਪ੍ਰਦੂਸ਼ਣ ਦੀ ਹੋਰ ਮਾਰ ਨਾ ਪਵੇ। ਇਥੇ ਸ਼ਾਮ ਚਾਰ ਵਜੇ ਤਕ ਏਅਰ ਕੁਆਲਿਟੀ ਇੰਡੈਕਸ ਵੀ ਵਧ ਕੇ 471 ਹੋ ਗਿਆ ਜੋ ਫੇਫੜਿਆਂ ਤੇ ਸਾਹ ਦੇ ਰੋਗੀਆਂ ਲਈ ਖਤਰਨਾਕ ਹੈ।