ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 25 ਅਗਸਤ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਉਮੀਦਵਾਰਾਂ ਅਤੇ ਸਮਰਥਕਾਂ ਨੇ ਖੂਬ ਭੰਗੜੇ ਪਾਏ ਅਤੇ ਹਾਰਨ ਵਾਲੇ ਉਮੀਦਵਾਰ ਤੇ ਸਮਰਥਕ ਕਾਫ਼ੀ ਨਿਰਾਸ਼ ਦਿਖਾਈ ਦਿੱਤੇ। ਜਾਣਕਾਰੀ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਤੇ ਮਨਜੀਤ ਸਿੰਘ ਜੀਕੇ ਦੀ ਅਗਵਾਈ ਵਾਲੀ ਜਾਗੋ ਪਾਰਟੀ ਦੇ ਜਿੱਤੇ ਹੋਏ ਉਮੀਦਵਾਰ ਵੀ ਆਪਣੀ ਜਿੱਤ ਦੇ ਜਸ਼ਨ ਨਾ ਮਨਾ ਸਕੇ ਕਿਉਂਕਿ ਦੋਵੇਂ ਪਾਰਟੀਆਂ ਦੀ ਚੋਣਾਂ ਦੌਰਾਨ ਹਾਰ ਹੋਈ ਹੈ। ਇਨ੍ਹਾਂ ਦੇ ਸਮਰਥਕ ਇਹ ਕਿਆਸ ਲਾ ਰਹੇ ਸਨ ਕਿ ਦੋਵੇਂ ਧਿਰਾਂ ਨਤੀਜਿਆਂ ਮਗਰੋਂ ਮਿਲ ਕੇ ਕਮੇਟੀ ਚਲਾਉਣ ਦੇ ਕਾਬਲ ਹੋ ਜਾਣਗੀਆਂ। ਪਹਿਲਾ ਰੁਝਾਨ ਰੋਹਿਨੀ ਵਾਰਡ-1 ਤੋਂ ਬਾਦਲ ਧੜੇ ਦੇ ਹੱਕ ਵਿੱਚ ਸਰਬਜੀਤ ਸਿੰਘ ਵਿਰਕ ਦੀ 300 ਤੋਂ ਵੱਧ ਵੋਟਾਂ ਨਾਲ ਅੱਗੇ ਹੋਣ ਨਾਲ ਆਇਆ ਤਾਂ ਬਾਦਲ ਧੜੇ ਦੇ ਕਾਰਕੁਨਾਂ ਦੇ ਚਿਹਰਿਆਂ ’ਤੇ ਰੌਣਕਾਂ ਪਰਤ ਆਈਆਂ। 11 ਵਜੇ ਤੱਕ ਰੁਝਾਨਾਂ ਤੋਂ ਇਹ ਤੈਅ ਹੋ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸੱਤਾ ਵਿੱਚ ਤੀਜੀ ਵਾਰ ਵਾਪਸੀ ਹੋ ਰਹੀ ਹੈ। ਸਮਰਥਕ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਕਾਇਮ ਪੰਜਾਂ ਗਿਣਤੀ ਕੇਂਦਰਾਂ ਦੇ ਗੇਟਾਂ ਤੋਂ 200 ਮੀਟਰ ਦੂਰ ਜਸ਼ਨ ਮਨਾਉਣ ਲਈ ਇੱਕਠੇ ਹੋਣ ਲੱਗੇ ਤੇ ਨਾਲ ਹੀ ਢੋਲਾਂ ਦੇ ਡੱਗੇ ’ਤੇ ਭੰਗੜੇ ਪਾਉਣ ਦਾ ਸਿਲਸਿਲਾ ਨਤੀਜੇ ਐਲਾਨਣ ਨਾਲ ਹੀ ਜਾਰੀ ਹੋਣ ਲੱਗ ਗਿਆ। ਇਸ ਦੌਰਾਨ ਉਨ੍ਹਾਂ ਲੱਡੂ ਵੰਡੇ ਤੇ ਇੱਕ ਦੂਜੇ ਨੂੰ ਜੱਫੀ ਪਾ ਕੇ ਵਧਾਈਆਂ ਦਿੱਤੀਆਂ। ਸਮਰਥਕਾਂ ਵਿੱਚ ਵਿਰੋਧੀਆਂ ਪ੍ਰਤੀ ਨਾਰਾਜ਼ਗੀ ਨਜ਼ਰ ਆਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਰਨਾ ਧੜੇ ਤੇ ਜੀਕੇ ਦੇ ਧੜੇ ਵੱਲੋਂ ਚੋਣਾਂ ਦੌਰਾਨ ਅਦਾਲਤਾਂ ਵੱਲ ਰੁਖ਼ ਕਰਨ, ਕੌਮੀ ਚੋਣ ਕਮਿਸ਼ਨ ਕੋਲ ਜਾਣ ਵਰਗੀਆਂ ਕਾਰਗੁਜ਼ਾਰੀਆਂ ਤੋਂ ਸਿੱਖ ਵੋਟਰ ਨਾਰਾਜ਼ ਤੇ ਨਿਰਾਸ਼ ਹੋ ਗਏ ਸਨ।
ਸਰਨਾ ਅਤੇ ਜੀਕੇ ਭਰਾਵਾਂ ਦੀ ਅਗਵਾਈ ’ਤੇ ਪ੍ਰਸ਼ਨ ਚਿੰਨ੍ਹ ਲੱਗਾ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 8ਵੀਆਂ ਆਮ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੀ ਲਗਾਤਾਰ ਤੀਜੀ ਹਾਰ ਨਾਲ ਇਸ ਧੜੇ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਲੱਗਾ ਹੈ। ਇਸੇ ਤਰ੍ਹਾਂ ਜਾਗੋ ਪਾਰਟੀ ਬਣਾ ਕੇ ਆਪਣੇ ਬੂਤੇ ਦਿੱਲੀ ਕਮੇਟੀ ਚੋਣਾਂ ਲੜਨ ਵਾਲੇ ਮਨਜੀਤ ਸਿੰਘ ਜੀਕੇ ਤੇ ਹਰਜੀਤ ਸਿੰਘ ਜੀਕੇ ਦੀ ਅਗਵਾਈ ਵੀ ਪ੍ਰਸ਼ਨਾਂ ਦੇ ਘੇਰੇ ਵਿੱਚ ਆ ਗਈ ਹੈ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਆਗੂ ਹਰਵਿੰਦਰ ਸਿੰਘ ਸਰਨਾ ਤੇ ਮਨਜੀਤ ਸਿੰਘ ਜੀਕੇ ਆਪਣੇ ਵਾਰਡਾਂ ਤੋਂ ਚੋਣ ਜਿੱਤੇ ਗਏ ਹਨ ਪਰ ਦੋਨਾਂ ਦਲਾਂ ਦੀ ਕਰਾਰੀ ਹਾਰ ਹੋਈ ਹੈ। ‘ਜਾਗੋ’ ਦੇ ਪੱਲੇ 3 ਸੀਟਾਂ ਹੀ ਪਈਆਂ ਜਦੋਂ ਕਿ ਉਨ੍ਹਾਂ 41 ਹਲਕਿਆਂ ਵਿੱਚ ਉਮੀਦਵਾਰ ਉਤਾਰੇ ਸਨ। ਸਰਨਾ ਭਰਵਾਂ ਨੂੰ 2017 ਦੀਆਂ 8 ਸੀਟਾਂ ਦੇ ਮੁਕਾਬਲੇ ਇਸ ਵਾਰ ਵੱਧ 15 ਸੀਟਾਂ ਮਿਲੀਆਂ ਹਨ, ਪਰ ਉਹ ਸੱਤਾ ਤੋਂ ਕਾਫੀ ਦੂਰ ਰਹੀ। ਜ਼ਿਕਰਯੋਗ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਉਕਤ ਆਗੂਆਂ ਦੀ ਅਗਵਾਈ ਨੂੰ ਉਨ੍ਹਾਂ ਦੇ ਦਲਾਂ ਅੰਦਰੋਂ ਹੀ ਚੁਣੌਤੀ ਮਿਲ ਸਕਦੀ ਹੈ ਕਿਉਂਕਿ ਦੋਨਾਂ ਦਲਾਂ ਵਿੱਚ ਪਰਿਵਾਰਵਾਦ ਦਾ ਬੋਲ-ਬਾਲਾ ਵੱਧਣ ਲੱਗਾ ਹੈ। ਇਸ ਦੀ ਉਦਾਹਰਨ ਸੀਨੀਅਰ ਆਗੂਆਂ ਦੀ ਦਿੱਤੀ ਜਾ ਸਕਦੀ ਹੈ ਜੋ ਸਰਨਾ ਧੜੇ ਨੂੰ ਛੱਡ ਕੇ ਬਾਦਲ ਧੜੇ ਨਾਲ ਜਾ ਮਿਲੇ ਸਨ। ਉਧਰ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਸੰਗਤ ਦਾ ਫ਼ੈਸਲਾ ਸਿਰ ਮੱਥੇ ਤੇ ਉਨ੍ਹਾਂ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਕਮੇਟੀ ਦੇ ਉਸਾਰੂ ਕੰਮਾਂ ਦਾ ਸਾਥ ਦਿੱਤਾ ਜਾਵੇਗਾ।
ਭਾਜਪਾ ਤੇ ‘ਆਪ’ ਦਾ ਅੰਦਰੂਨੀ ਸਾਥ ਵੀ ਅਕਾਲੀ ਦਲ ਵਿਰੋਧੀਆਂ ਦੇ ਕੰਮ ਨਾ ਆਇਆ
ਨਵੀਂ ਦਿੱਲੀ (ਪੱਤਰ ਪ੍ਰੇਰਕ): ਭਾਜਪਾ ਤੇ ‘ਆਪ’ ਦੇ ਸਥਾਨਕ ਸਿੱਖ ਆਗੂਆਂ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਿਰੋਧੀਆਂ ਦੀ ਅੰਦਰਖ਼ਾਤੇ ਕੀਤੀ ਮਦਦ ਵੀ ਉਨ੍ਹਾਂ ਦੇ ਕੰਮ ਨਹੀਂ ਆਈ। ਇਨ੍ਹਾਂ ਚੋਣਾਂ ਤੋਂ ਪਹਿਲਾਂ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਿੱਚ ਤੋੜ-ਵਿਛੋੜਾ ਹੋ ਗਿਆ ਸੀ, ਜਿਸ ਕਰਕੇ ਦਿੱਲੀ ਦੇ ਭਾਜਪਾ ਆਗੂਆਂ ਨੇ ‘ਜਾਗੋ ਪਾਰਟੀ’ ਦੇ ਉਮੀਦਵਾਰਾਂ ਤੇ ਮਨਜੀਤ ਸਿੰਘ ਜੀਕੇ ਨਾਲ ਸਾਂਝ ਵਧਾਈ। ਚੋਣਾਂ ਦੇ ਐਲਾਨ ਤੋਂ ਪਹਿਲਾਂ ਕਈ ਮੌਕਿਆਂ ’ਤੇ ਭਾਜਪਾ ਦੇ ਆਗੂ ਸ੍ਰੀ ਜੀਕੇ ਨਾਲ ਜਨਤਕ ਥਾਵਾਂ ’ਤੇ ਦੇਖੇ ਗਏ, ਜਿੱਥੇ ਦਿੱਲੀ ਕਮੇਟੀ ਦੇ ਆਗੂ ਵੀ ਵੱਖਰੇ ਪੁੱਜੇ ਹੁੰਦੇ ਸਨ। ਭਾਜਪਾ ਕਾਰਕੁਨ ਕਈ ਹਲਕਿਆਂ ਵਿੱਚ ਬਾਦਲ ਧੜੇ ਦੇ ਵਿਰੋਧੀ ਉਮੀਦਵਾਰਾਂ ਦੀ ਮਦਦ ਕਰਦੇ ਦੇਖੇ ਗਏ। ਭਾਜਪਾ ਸਿੱਖ ਸੈੱਲ ਵੀ ਅੰਦਰਖ਼ਾਤੇ ਜਾਗੋ ਦੇ ਕਈ ਉਮੀਦਵਾਰਾਂ ਦੀ ਮਦਦ ਕਰ ਰਿਹਾ ਸੀ। ਇਸੇ ਤਰ੍ਹਾਂ ‘ਆਪ’ ਦੇ ਕਾਰਕੁਨਾਂ ਵੱਲੋਂ ਖ਼ਿਆਲਾ, ਸੰਤ ਨਗਰ, ਤਿਲਕ ਨਗਰ, ਚੰਦਰ ਵਿਹਾਰ ਵਿੱਚ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੀ ਮਦਦ ਅੰਦਰਖ਼ਾਤੇ ਕੀਤੀ ਗਈ, ਜੋ ਇਸ ਧੜੇ ਦੇ ਉਮੀਦਵਾਰਾਂ ਨੂੰ ਸਫਲਤਾ ਨਾ ਦੁਆ ਸਕੀ।
ਵਿਰੋਧੀਆਂ ਦੇ ਨਾਂਹ-ਪੱਖੀ ਪ੍ਰਚਾਰ ਨੇ ਡੋਬਿਆ
ਦਿੱਲੀ ਕਮੇਟੀ ਚੋਣਾਂ ਦੌਰਾਨ ਜਿੱਥੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਨੇ ‘2 ਸਾਲਾਂ’ ਦੇ ਕੰਮਾਂ ’ਤੇ ਆਧਾਰਤ ਚੋਣ ਮੁਹਿੰਮ ਚਲਾਈ ਰੱਖੀ, ਉੱਥੇ ਵਿਰੋਧੀ ਧਿਰਾਂ ਦੇ ਆਗੂਆਂ ਪਰਮਜੀਤ ਸਿੰਘ ਸਰਨਾ, ਮਨਜੀਤ ਸਿੰਘ ਜੀਕੇ, ਸਾਬਕਾ ਜਥੇਦਾਰ ਰਣਜੀਤ ਸਿੰਘ ਨੇ ਬੇਅਦਬੀਆਂ ਦੀਆਂ ਘਟਨਾਵਾਂ, ਭ੍ਰਿਸ਼ਟਾਚਾਰ ’ਤੇ ਜ਼ੋਰ ਦਿੱਤਾ ਪਰ ਉਹ ਸਿੱਖ ਵੋਟਰਾਂ ਅੱਗੇ ਆਪਣੇ ਏਜੰਡੇ ਨਾ ਰੱਖ ਸਕੇ। ਸਰਨਾ ਧੜੇ ਤੇ ਜਾਗੋ ਪਾਰਟੀ ਵੱਲੋਂ ਇੱਕ-ਦੂਜੇ ਦੇ ਅਹਿਮ ਉਮੀਦਵਾਰਾਂ ਖ਼ਿਲਾਫ਼ ਆਪਣੇ ਉਮੀਦਵਾਰ ਖੜ੍ਹੇ ਨਾ ਕਰਨ ’ਤੇ ਵੀ ਵੋਟਰਾਂ ਕੋਲ ਇਹ ਸੁਨੇਹਾ ਗਿਆ ਕਿ ਉਹ ਅੰਦਰਖ਼ਾਤੇ ਮਿਲੇ ਹੋਏ ਹਨ। ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੀ ਦੋਨਾਂ ਵਿਰੋਧੀਆਂ ਵਿਚਾਲੇ ਏਕਾ ਕਰਵਾਉਣ ਵਿੱਚ ਨਾਕਾਮ ਰਹੇ।