ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਅਗਸਤ
ਦਿੱਲੀ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਜ਼ੋਨਲ ਪੱਧਰ ਦੇ ਮੁਕਾਬਲਿਆਂ ਦੀ ਲੜੀ ਵਿੱਚ ਸਰਵੋਦਿਆ ਵਿਦਿਆਲਾ ਓਚੰਦੀ, ਦਿੱਲੀ ਵਿੱਚ ਜ਼ੋਨਲ ਪੱਧਰ ’ਤੇ ਜ਼ੋਨ 10 ਵਿੱਚ ਪੰਜਾਬੀ ਅਤੇ ਉਰਦੂ ਕਾਵਿ-ਮੁਕਾਬਲੇ ਕਰਵਾਏ ਗਏ। ਪੰਜਾਬੀ ਕਾਵਿ-ਮੁਕਾਬਲੇ ਵਿੱਚ ਜੱਜਮੈਂਟ ਦੀ ਭੂਮਿਕਾ ਚਰਨਪ੍ਰੀਤ ਸਿੰਘ ਅਤੇ ਕੁਮਾਰੀ ਮਾਨਸੀ ਵੱਲੋਂ ਨਿਭਾਈ ਗਈ। ਇਸ ਕਾਵਿ ਮੁਕਾਬਲੇ ਵਿੱਚ ਵਿਦਿਆਰਥੀਆਂ ਵੱਲੋਂ ਵੱਖ-ਵੱਖ ਵਿਸ਼ਿਆਂ ’ਤੇ ਕਵਿਤਾਵਾਂ ਪੜ੍ਹੀਆਂ ਗਈਆਂ ਜਿਵੇਂ ਕਿ ‘ਮਾਂ ਬੋਲੀ ਪੰਜਾਬੀ’, ‘21ਵੀਂ ਸਦੀ’, ‘ਧੀਆਂ’, ‘ਕਿਸਾਨ-ਅੰਦੋਲਨ’, ‘ਮਾਂ ਦਾ ਪਿਆਰ’, ‘ਇੰਟਰਨੈੱਟ’ ਆਦਿ ਵਿਸ਼ੇ ਸ਼ਾਮਲ ਸਨ। ਕਾਵਿ-ਮੁਕਾਬਲੇ ਵਿਚ ਹਿੱਸਾ ਲੈਣ ਲਈ ਵਿਦਿਆਰਥੀ ਬੜੇ ਉਤਸੁਕ ਸਨ ਅਤੇ ਇਸ ਮੁਕਾਬਲੇ ਦਾ ਸੰਚਾਲਨ ਕੁਲਬੀਰ ਸਿੰਘ ਵੱਲੋਂ ਕੀਤਾ ਗਿਆ।