ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਅਪਰੈਲ
ਆਲ ਇੰਡੀਆ ਡੈਮੋਕ੍ਰੈਟਿਕ ਵਿਦਿਆਰਥੀ ਸੰਸਥਾ (ਏਆਈਡੀਐੱਸਓ) ਨੇ ਨਵੀਂ ਸਿੱਖਿਆ ਨੀਤੀ 2020 ਦੇ ਖ਼ਿਲਾਫ਼ ਜੰਤਰ-ਮੰਤਰ ’ਤੇ ਕੌਮੀ ਪੱਧਰ ਦਾ ਰੋਸ ਧਰਨਾ ਦਿੱਤਾ। ਇਸ ਦੌਰਾਨ ਧਰਨਾਕਾਰੀਆਂ ਨੇ ਜਨਤਕ ਸਿੱਖਿਆ ਨੂੰ ਬਚਾਉਣ ਅਤੇ ਫੀਸਾਂ ਵਿੱਚ ਵਾਧਾ, ਨਿੱਜੀਕਰਨ, ਵਪਾਰੀਕਰਨ ਤੇ ਕੇਂਦਰੀਕਰਨ ਦੀ ਨਿੰਦਾ ਕੀਤੀ । ਡੀਯੂ ਦੇ ਪ੍ਰੋ. ਨੰਦਿਤਾ ਨਰਾਇਣ, ਸਾਬਕਾ ਡੀਯੂਟੀਏ ਪ੍ਰਧਾਨ, ਪ੍ਰੋ. ਸਚਿਦਾਨੰਦ ਸਿਨਹਾ, ਜੇ.ਐੱਨ.ਯੂ., ਏ.ਆਈ.ਡੀ.ਐਸ.ਓ. ਦੇ ਜਨਰਲ ਸਕੱਤਰ ਸੌਰਵ ਘੋਸ਼ ਸਮੇਤ ਦੇਸ਼ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਤੋਂ ਇਲਾਵਾ ਵੱਖ-ਵੱਖ ਰਾਜਾਂ ਦੇ ਵਿਦਿਆਰਥੀ ਆਗੂਆਂ ਨੇ ਧਰਨੇ ਨੂੰ ਸੰਬੋਧਨ ਕੀਤਾ। ਧਰਨੇ ਦੀ ਪ੍ਰਧਾਨਗੀ ਏ.ਆਈ.ਡੀ.ਐੱਸ.ਓ. ਦੇ ਕੌਮੀ ਪ੍ਰਧਾਨ ਵੀ.ਐਨ. ਰਾਜਸ਼ੇਖਰ ਨੇ ਕੀਤੀ। ਏ.ਆਈ.ਡੀ.ਐੱਸ.ਓ. ਦੇ ਜਨਰਲ ਸਕੱਤਰ ਸੌਰਵ ਘੋਸ਼ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਵੇਰ ਤੋਂ ਹੀ ਜੰਤਰ-ਮੰਤਰ ਉਤੇ ਪੁੱਜੇ ਵਿਦਿਆਰਥੀਆਂ ਦੇ ਜਥਿਆਂ ਨੇ ਜਨਤਕ ਸਿੱਖਿਆ ਨੂੰ ਤਬਾਹ ਕਰਨ ਲਈ ਲਿਆਂਦੇ ਗਏ ਐਨਈਪੀ 2020 ਅਤੇ ਕੇਂਦਰ ਦੀਆਂ ਸਾਰੀਆਂ ਸਿੱਖਿਆ ਵਿਰੋਧੀ ਨੀਤੀਆਂ ਵਿਰੁੱਧ ਆਪਣੀ ਬੁਲੰਦ ਆਵਾਜ਼ ਕੀਤੀ। ਜ਼ਿਕਰਯੋਗ ਹੈ ਕਿ ਅੱਜ ਵੱਖ-ਵੱਖ ਰਾਜਾਂ ਦੀਆਂ ਰਾਜਧਾਨੀਆਂ ਵਿੱਚ ਵੀ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਕੀਤੇ ਗਏ। ਜੰਤਰ-ਮੰਤਰ ’ਤੇ ਦਿੱਤੇ ਧਰਨੇ ਦੌਰਾਨ ਦੇਸ਼ ਭਰ ਵਿੱਚ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਖਿਲਾਫ ਇੱਕ ਕਰੋੜ ਦਸਤਖਤ ਇਕੱਠੇ ਕਰਨ ਲਈ ਹਸਤਾਖਰ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਗਿਆ। ਵਿਦਿਆਰਥੀਆਂ ਨੇ ਤਿੱਖੀ ਧੁੱਪ ਵਿਚ ਕੇਂਦਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਵਿਦਿਆਰਥੀਆਂ ਨੂੰ ਸਿੱਖਿਆ ਤੋਂ ਵਾਂਝਾ ਕਰਨ ਦੇ ਦੋਸ਼ ਲਾਏ।