ਮਨਧੀਰ ਦਿਓਲ
ਨਵੀਂ ਦਿੱਲੀ, 25 ਫਰਵਰੀ
ਦੱਖਣੀ ਦਿੱਲੀ ਨਗਰ ਨਿਗਮ (ਐੱਸਡੀਐੱਮਸੀ) ਦੀ ਸਿੱਖਿਆ ਕਮੇਟੀ ਨੇ ਆਪਣੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਕੋਈ ਵੀ ਵਿਦਿਆਰਥੀ ‘ਧਾਰਮਿਕ ਪਹਿਰਾਵੇ’ ਵਿਚ ਉਨ੍ਹਾਂ ਦੇ ਸਕੂਲਾਂ ਵਿੱਚ ਨਾ ਆਵੇ। ਐੱਸਡੀਐੱਮਸੀ ਦੀ ਸਿੱਖਿਆ ਕਮੇਟੀ ਦੀ ਚੇਅਰਪਰਸਨ ਨੀਤਿਕਾ ਸ਼ਰਮਾ ਨੇ ਇਸ ਸਬੰਧੀ ਸਿੱਖਿਆ ਨਿਰਦੇਸ਼ਕ (ਐੱਸਡੀਐੱਮਸੀ) ਨੂੰ ਇੱਕ ਪੱਤਰ ਲਿਖਿਆ ਹੈ। ਐੱਸਡੀਐੱਮਸੀ ਵੱਲੋਂ ਇਹ ਕਦਮ ਉੱਤਰ-ਪੂਰਬੀ ਦਿੱਲੀ ਦੇ ਤੁਖਮੀਰਪੁਰ ਖੇਤਰ ਦੀ ਇੱਕ ਬੱਚੀ ਦੇ ਮਾਤਾ-ਪਿਤਾ ਵੱਲੋਂ ਲਾਏ ਗਏ ਦੋਸ਼ਾਂ ਤੋਂ ਕੁਝ ਦਿਨ ਬਾਅਦ ਉਠਾਇਆ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਸੀ ਕਿ ਸਰਕਾਰੀ ਸਕੂਲ ਦੇ ਇੱਕ ਅਧਿਆਪਕ ਨੇ ਉਨ੍ਹਾਂ ਦੀ ਧੀ ਨੂੰ ਸਿਰ ਦਾ ਸਕਾਰਫ਼ ਉਤਾਰਨ ਲਈ ਕਿਹਾ ਸੀ।
ਪੱਤਰ ਵਿੱਚ ਉਨ੍ਹਾਂ ਸਿੱਖਿਆ ਨਿਰਦੇਸ਼ਕ ਨੂੰ ਕਿਹਾ ਕਿ ਉਹ ਸਾਰੇ ਜ਼ੋਨਲ ਅਧਿਕਾਰੀਆਂ ਨੂੰ ਨਿਰਦੇਸ਼ ਦੇਣ ਕਿ ਕੋਈ ਵੀ ਵਿਦਿਆਰਥੀ ਧਾਰਮਿਕ ਪਹਿਰਾਵੇ ਵਿੱਚ ਸਕੂਲ ਨਾ ਆਵੇ ਕਿਉਂਕਿ ਇਹ ਵਿਦਿਆਰਥੀਆਂ ਵਿੱਚ ਮੱਤਭੇਦ ਅਤੇ ਅਸਮਾਨਤਾ ਪੈਦਾ ਕਰਦਾ ਹੈ। ਉਨ੍ਹਾਂ ਸਾਰਿਆਂ ਨੂੰ ਨਿਰਧਾਰਤ ਪਹਿਰਾਵੇ ਵਿਚ ਹੀ ਆਉਣ ਦੀ ਹਦਾਇਤ ਕੀਤੀ ਹੈ। ਐੱਸਡੀਐੱਮਸੀ ਦਾ ਇਹ ਕਦਮ ਉੱਤਰ-ਪੂਰਬੀ ਦਿੱਲੀ ਦੇ ਤੁਖਮੀਰਪੁਰ ਖੇਤਰ ਦੇ ਇੱਕ ਮਾਤਾ-ਪਿਤਾ ਦੇ ਦੋਸ਼ਾਂ ਤੋਂ ਕੁਝ ਦਿਨ ਬਾਅਦ ਆਇਆ ਹੈ, ਜਦੋਂ ਸਰਕਾਰੀ ਸਕੂਲ ਦੇ ਅਧਿਆਪਕ ਨੇ ਉਸ ਦੀ ਧੀ ਨੂੰ ਸਿਰ ਦਾ ਸਕਾਰਫ਼ ਉਤਾਰਨ ਲਈ ਕਿਹਾ ਸੀ। ਸ਼ਰਮਾ ਨੇ ਕਿਹਾ ਕਿ ਧਾਰਮਿਕ ਪਹਿਰਾਵਾ ਪਹਿਨ ਕੇ ਕਲਾਸਾਂ ਵਿਚ ਜਾਣਾ ਵਿਦਿਆਰਥੀਆਂ ਵਿਚ “ਅਸਮਾਨਤਾ” ਦੀ ਭਾਵਨਾ ਪੈਦਾ ਕਰੇਗਾ। ਉਨ੍ਹਾਂ ਕਿਹਾ ਕਿ ਸਕੂਲਾਂ ਲਈ ਇੱਕ ਢੁੱਕਵਾਂ ਪਹਿਰਾਵਾ ਤੈਅ ਕੀਤਾ ਗਿਆ ਹੈ ਤੇ ਵਿਦਿਆਰਥੀਆਂ ਨੂੰ ਉਸ ਦੀ ਪਾਲਣਾ ਕਰਨੀ ਚਾਹੀਦੀ ਹੈ। ਹਰ ਸਾਲ ਉਹ ਵਿਦਿਆਰਥੀਆਂ ਨੂੰ ਸਕੂਲੀ ਵਰਦੀਆਂ ਮੁਫ਼ਤ ਦਿੰਦੇ ਹਨ, ਇਸ ਲਈ ਉਨ੍ਹਾਂ ਨੂੰ ਸਕੂਲਾਂ ਵਿਚ ਆਉਣ ਵੇਲੇ ਧਾਰਮਿਕ ਪਹਿਰਾਵੇ ਦੀ ਜਗ੍ਹਾ ਨਿਰਧਾਰਤ ਵਰਦੀ ਪਹਿਨਣੀ ਚਾਹੀਦੀ ਹੈ। ਤਿਉਹਾਰਾਂ ਜਾਂ ਫੈਂਸੀ ਡਰੈੱਸ ਮੁਕਾਬਲਿਆਂ ਦੌਰਾਨ ਵਿਦਿਆਰਥੀ ‘ਧਾਰਮਿਕ ਪਹਿਰਾਵਾ’ ਪਹਿਨ ਸਕਦੇ ਹਨ। ਦੱਖਣੀ ਦਿੱਲੀ ਨਗਰ ਨਿਗਮ 5ਵੀਂ ਜਮਾਤ ਤੱਕ ਪ੍ਰਾਇਮਰੀ ਸਕੂਲ ਚਲਾਉਂਦਾ ਹੈ। ਐੱਸਡੀਐੱਮਸੀ ਹੇਠ ਆਉਂਦੇ ਲਗਪਗ 568 ਪ੍ਰਾਇਮਰੀ ਸਕੂਲਾਂ ਵਿਚ 2.5 ਲੱਖ ਵਿਦਿਆਰਥੀ ਪੜ੍ਹਦੇ ਹਨ।
‘ਦਿੱਲੀ ਦੇ ਸਕੂਲਾਂ ਵਿੱਚ ਕਰਨਾਟਕ ਵਾਲੇ ਹਾਲਾਤ’
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਟਵੀਟ ਕਰਕੇ ਕਿਹਾ ਕਿ ਬੇਸ਼ੱਕ ਕਰਨਾਟਕ ਵਿੱਚ ਮਾਹੌਲ ਥੋੜ੍ਹਾ ਨਰਮ ਪੈਣ ਲੱਗਾ ਹੈ ਪਰ ਹੁਣ ਦਿੱਲੀ ਦੇ ਦੱਖਣੀ ਐੱਮਸੀਡੀ ਸਕੂਲਾਂ ਵਿੱਚ ਕਰਨਾਟਕ ਵਰਗੇ ਹਾਲਾਤ ਬਣਨ ਲੱਗੇ ਹਨ| ਉਨ੍ਹਾਂ ਇੱਕ ਅੰਗਰੇਜ਼ੀ ਦੀ ਖ਼ਬਰ ਦਾ ਹਵਾਲਾ ਦਿੱਤਾ ਹੈ, ਜਿਸ ਵਿੱਚ ਦਿੱਲੀ ਦੇ ਦੱਖਣੀ ਐੱਮਸੀਡੀ ਸਕੂਲਾਂ ਵਿਚ ਕਰਨਾਟਕ ਵਰਗੀ ਪਾਬੰਦੀ ਦੀ ਚਰਚਾ ਕੀਤੀ ਗਈ ਹੈ|