ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 31 ਅਗਸਤ
ਏਆਈਐਸਏ ਕਾਰਕੁਨਾਂ ਨੇ ਦਿੱਲੀ ਯੂਨੀਵਰਸਿਟੀ ਨੂੰ ਮੁੜ ਖੁਲ੍ਹਵਾਉਣ ਲਈ ਉਪ-ਕੁਲਪਤੀ ਦੇ ਦਫ਼ਤਰ ਬਾਹਰ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਆਨਲਾਈਨ ਸਿੱਖਿਆ ਦੇ ਵਿਰੁੱਧ ਆਪਣਾ ਵਿਰੋਧ ਸ਼ਾਂਤੀਪੂਰਨ ਪ੍ਰਦਰਸ਼ਨ ਦੇ ਰੂਪ ਵਿੱਚ ਅੱਗੇ ਰੱਖਿਆ। ਇਸ ਵਿੱਚ ਵਿਦਿਆਰਥੀਆਂ ਨੇ ਮੰਗ ਕੀਤੀ ਕਿ ਉਪ-ਕੁਲਪਤੀ ਨੂੰ ਉਨ੍ਹਾਂ ਦੇ ਦਫ਼ਤਰ ਤੋਂ ਬਾਹਰ ਆ ਕੇ ਵਿਦਿਆਰਥੀਆਂ ਨਾਲ ਗੱਲ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਦੀਆਂ ਮੰਗਾਂ ਉੱਤੇ ਵਿਚਾਰ ਕਰਨਾ ਚਾਹੀਦਾ ਹੈ।
ਵਿਦਿਆਰਥੀਆਂ ਦੀਆਂ ਮੁੱਖ ਮੰਗਾਂ ਸਾਰੇ ਕੋਰਸਾਂ ਦੇ ਵਿਦਿਆਰਥੀਆਂ ਲਈ ਕੈਂਪਸ ਨੂੰ ਕਦਮ ਦਰ ਕਦਮ ਦੁਬਾਰਾ ਖੋਲ੍ਹਿਆ ਜਾਵੇ, ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਟੀਕਾਕਰਨ ਯਕੀਨੀ ਬਣਾਇਆ ਜਾਵੇ। ਤਾਲਾਬੰਦੀ ਦੌਰਾਨ ਵਿਦਿਆਰਥੀਆਂ ਤੋਂ ਇਕੱਠੀ ਕੀਤੀ ਗਈ ਫੀਸ ਬਿਨਾਂ ਕਿਸੇ ਦੇਰੀ ਦੇ ਵਾਪਸ ਕੀਤੀ ਜਾਵੇ। ਸਾਰੇ ਵਿਦਿਆਰਥੀਆਂ ਦੇ ਦਿੱਲੀ ਪਹੁੰਚਣ ਤੇ ਉਨ੍ਹਾਂ ਦੇ ਰਹਿਣ ਦੇ ਪ੍ਰਬੰਧ ਕੀਤੇ ਜਾਣ ਹਨ।
ਸ਼ਾਂਤਮਈ ਢੰਗ ਨਾਲ ਆਪਣੀਆਂ ਮੰਗਾਂ ਰੱਖਣ ਵਾਲੇ ਵਿਦਿਆਰਥੀਆਂ ਨੂੰ ਦਿੱਲੀ ਪੁਲੀਸ ਨੇ ਮੌਰਿਸ ਨਗਰ ਥਾਣੇ ਵਿੱਚ ਬੇਰਹਿਮੀ ਨਾਲ ਗ੍ਰਿਫ਼ਤਾਰ ਕਰ ਲਿਆ ਤੇ ਕੁਝ ਵਿਦਿਆਰਥੀ ਜ਼ਖਮੀ ਵੀ ਹੋਏ। ਦਿੱਲੀ ਪੁਲੀਸ ਵੱਲੋਂ ਆਈਪੀਸੀ ਐਫਆਈਆਰ ਦੀ ਧਾਰਾ 188 ਤੇ 134 ਦੇ ਤਹਿਤ, ਏਆਈਐਸਏ ਦੇ ਸੂਬਾਈ ਉਪ ਪ੍ਰਧਾਨ ਵਿਕਾਸ ਤੇ ਅਭਿਗਿਆਨ, ਦਿੱਲੀ ਯੂਨੀਵਰਸਿਟੀ ਦੇ ਉਪ ਪ੍ਰਧਾਨ ਸ਼੍ਰੇਆ ਤੇ ਦਿੱਲੀ ਯੂਨੀਵਰਸਿਟੀ ਦੇ ਸਕੱਤਰ ਰਿਤਵਿਕ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਵਾਲਿਆਂ ਵੱਲੋਂ ਵਿਦਿਆਰਥਣਾਂ ਨਾਲ ਕਥਿਤ ਧੱਕਾਮੁੱਕੀ ਵੀ ਕੀਤੀ ਗਈ ਅਤੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਗਈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਦਿੱਲੀ ਪੁਲੀਸ ਦਾ ਸਲੂਕ ਨਿੰਦਣਯੋਗ ਹੈ। ਪ੍ਰਸ਼ਾਸਨ ਦੇ ਇਸ ਤਰ੍ਹਾਂ ਦੇ ਰਵੱਈਏ ਦੇ ਬਾਵਜੂਦ ਵਿਦਿਆਰਥੀ ਅਜੇ ਵੀ ਆਪਣੀਆਂ ਮੰਗਾਂ ਤੇ ਅਧਿਕਾਰਾਂ ਪ੍ਰਤੀ ਅੜੇ ਹੋਏ ਹਨ। ਉਹ ਲਗਾਤਾਰ ਕਹਿੰਦੇ ਰਹੇ ਕਿ ਸਰਕਾਰ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਲੰਮੇ ਸਮੇਂ ਤੋਂ ਲੌਕਡਾਊਨ ਦਾ ਬਹਾਨਾ ਬਣਾ ਕੇ ਵਿਦਿਆਰਥੀਆਂ ਦੇ ਭਵਿੱਖ ਨਾਲ ਨਹੀਂ ਖੇਡ ਸਕਦਾ।