ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 10 ਅਗਸਤ
ਇੱਥੇ ਗਯਾਸਪੁਰ ਵਿੱਚ ਝੁੱਗੀ-ਝੌਂਪੜੀ ਢਾਹੁਣ, ਕਸਤੂਰਬਾ ਨਗਰ ਅਤੇ ਲਕਸ਼ਮੀ ਨਗਰ ਦੇ ਝੁੱਗੀ-ਝੌਂਪੜੀ ਵਾਲਿਆਂ ਨੂੰ ਭੇਜੇ ਗਏ ਨੋਟਿਸਾਂ ਵਿਰੁੱਧ ਅੱਜ ਡੀਡੀਏ ਦੇ ਮੁੱਖ ਦਫ਼ਤਰ ਵਿਕਾਸ ਸਦਨ, ਆਈਐਨਏ ਵਿੱਚ ਲੋਕਾਂ ਵੱਲੋਂ ਧਰਨਾ ਦਿੱਤਾ ਗਿਆ। ਝੁੱਗੀ ਅਧਿਕਾਰ ਮੰਚ, ਕਸਤੂਰਬਾ ਨਗਰ ਬੁਲੰਦ ਆਵਾਜ਼, ਏਆਈਸੀਸੀਟੀਯੂ, ਏਆਈਐਸਏ, ਏਆਈਐੱਲਏਜੇ, ਬੀਐੱਸਸੀਈਐੱਮ ਦਸਮ ਤੇ ਕੇਵਾਈਐਸ ਵਰਗੀਆਂ ਜਥੇਬੰਦੀਆਂ ਨੇ ਰੋਸ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਪ੍ਰਦਰਸ਼ਨਕਾਰੀਆਂ ਨੇ ਆਈਐੱਨਏ ਮਾਰਕੀਟ ਤੋਂ ਵਿਕਾਸ ਸਦਨ ਤੱਕ ਮਾਰਚ ਕੱਢਿਆ। ਡੀਡੀਏ ਦੇ ਮੁੱਖ ਦਫ਼ਤਰ ਵਿਕਾਸ ਸਦਨ ਵਿੱਚ ਧਰਨਾ ਦਿੱਤਾ ਗਿਆ। ਕਸਤੂਰਬਾ ਨਗਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਾਂਝਾ ਮੰਗ ਪੱਤਰ ਡੀਡੀਏ ਅਧਿਕਾਰੀਆਂ ਨੂੰ ਸੌਂਪਿਆ ਗਿਆ। ਵਫ਼ਦ ਨੇ ਡੀਡੀਏ ਵਿੱਚ ਭੂਮੀ ਵਿਭਾਗ ਦੀ ਚੇਅਰਪਰਸਨ ਨਾਲ ਮੁਲਾਕਾਤ ਕੀਤੀ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਗਿਆਸਪੁਰ ਦੇ ਝੁੱਗੀ-ਝੌਂਪੜੀ ਵਾਲਿਆਂ ਲਈ ਤੁਰੰਤ ਪੁਨਰਵਾਸ ਕੀਤਾ ਜਾਵੇ। ਕਸਤੂਰਬਾ ਨਗਰ ਅਤੇ ਲਕਸ਼ਮੀ ਨਗਰ ਵਿੱਚ ਝੁੱਗੀਆਂ ਝੌਂਪੜੀਆਂ ਢਾਹੇ ਜਾਣ ਦੀਆਂ ਸਾਰੀਆਂ ਯੋਜਨਾਵਾਂ ਵਾਪਸ ਲਈਆਂ ਜਾਣ, ਪਹਿਲਾਂ ਨੇੜਲੇ ਖੇਤਰ ਵਿੱਚ ਮੁੜ ਵਸੇਬਾ ਮੁਹੱਈਆ ਕਰਵਾਏ ਬਿਨਾਂ ਪੂਰੀ ਦਿੱਲੀ ਵਿੱਚ ਝੁੱਗੀਆਂ ਨੂੰ ਢਾਹੁਣ ਦੀ ਕਾਰਵਾਈ ਬੰਦ ਕੀਤੀ ਜਾਵੇ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਸਤੂਰਬਾ ਨਗਰ ਤੋਂ ਸ਼ਕੁੰਤਲਾ ਨੇ ਕਿਹਾ ਕਿ ਉਹ 1947 ਤੋਂ ਇਸ ਖੇਤਰ ਵਿੱਚ ਰਹਿ ਰਹੇ ਹਨ। ਉਨ੍ਹਾਂ ਦੀਆਂ ਤਿੰਨ ਪੀੜ੍ਹੀਆਂ ਇੱਥੇ ਰਹਿ ਰਹੀਆਂ ਹਨ। ਡੀਡੀਏ ਅਚਾਨਕ ਉਨ੍ਹਾਂ ਨੂੰ ਇਥੋਂ ਕਿਵੇਂ ਉਖਾੜ ਸਕਦਾ ਹੈ। ਗਿਆਸਪੁਰ ਦੀ ਸ਼ਾਂਤੀ ਦੇਵੀ ਨੇ ਕਿਹਾ ਕਿ ਉਹ ਖੁੱਲ੍ਹੇ ਅਸਮਾਨ ਹੇਠ, ਦਲਦਲੀ ਜ਼ਮੀਨ ਵਿੱਚ, ਬਿਨਾਂ ਬਿਜਲੀ, ਪਾਣੀ ਦੇ ਰਹਿ ਰਹੇ ਹਨ। ਉਸ ਨੇ ਕਿਹਾ ਕਿ ਕੀ ਸਰਕਾਰ ਦੀ ਇਸ ਪ੍ਰਤੀ ਕੋਈ ਜਵਾਬਦੇਹੀ ਨਹੀਂ ਬਣਦੀ। ਏਆਈਸੀਸੀਟੀਯੂ ਤੋਂ ਸੁਚੇਤਾ ਡੇਅ ਨੇ ਕਿਹਾ ਕਿ ਇਹ ਸ਼ਰਮ ਦੀ ਗੱਲ ਹੈ ਕਿ ਗਿਆਸਪੁਰ ਦੇ ਝੁੱਗੀ-ਝੌਂਪੜੀਆਂ ਨੂੰ ਉਖਾੜ ਦਿੱਤਾ ਗਿਆ ਹੈ ਕਿਉਂਕਿ ਉੱਥੇ ਇੱਕ ਮਨੋਰੰਜਨ ਪਾਰਕ ਬਣਾਇਆ ਜਾ ਰਿਹਾ ਹੈ। ਗਰੀਬਾਂ ਪ੍ਰਤੀ ਸਰਕਾਰ ਦਾ ਇਹ ਅਸਲ ਰਵੱਈਆ ਹੈ। ਏਆਈਐਸਏ ਦੀ ਨੇਹਾ ਨੇ ਕਿਹਾ ਕਿ ਡੀਡੀਏ ਦੇ ਬੁਲਡੋਜ਼ਰ ਕਾਰਨ ਹਜ਼ਾਰਾਂ ਲੋਕ ਬੇਘਰ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਕਿਵੇਂ ਡੀਡੀਏ ਨੂੰ ਆਪਣੇ ਬੁਲਡੋਜ਼ਰਾਂ ਨੂੰ ਪੂਰੀ ਛੋਟ ਦੇ ਨਾਲ ਚਲਾਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਇਸ ਦੌਰਾਨ ਧਰਨਾਕਾਰੀਆਂ ਨੇ ਸਹੁੰ ਚੁੱਕੀ ਕਿ 18 ਅਗਸਤ ਨੂੰ ਕਸਤੂਰਬਾ ਨਗਰ ਅਤੇ 31 ਅਗਸਤ ਨੂੰ ਲਕਸ਼ਮੀ ਨਗਰ ਦੇ ਨੋਟਿਸਾਂ ਵਿਰੁੱਧ ਸੰਘਰਸ਼ ਤੇਜ਼ ਕੀਤਾ ਜਾਵੇ। ਇਸ ਮੌਕੇ ਸਾਰੀਆਂ ਜਥੇਬੰਦੀਆਂ ਨੇ ਇੱਕਜੁਟ ਹੋ ਕੇ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ।