ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਫਰਵਰੀ
ਇਥੇ ਵੱਖ-ਵੱਖ ਖੱਬੇ ਪੱਖੀ ਵਿਦਿਆਰਥੀ ਜਥੇਬੰਦੀਆਂ ਵੱਲੋਂ ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਇਹ ਪ੍ਰਦਰਸ਼ਨ ਦਿੱਲੀ ਯੂਨੀਵਰਸਿਟੀ ਦੇ ਕੈਂਪਸ ਨੂੰ ਮੁੜ ਖੋਲ੍ਹਣ ਦੀ ਮੰਗ ਨੂੰ ਲੈ ਕੇ ਕੀਤਾ ਗਿਆ ਸੀ। ਪ੍ਰਦਰਸ਼ਨ ਵਿੱਚ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਦੇ ਆਗੂ ਤੇ ਆਮ ਵਿਦਿਆਰਥੀ ਹਾਜ਼ਰ ਸਨ। ਵਿਦਿਆਰਥੀਆਂ ਨੂੰ ਕੱਲ੍ਹ 8 ਫਰਵਰੀ ਨੂੰ ਸਾਰੀਆਂ ਜਮਾਤਾਂ ਦਾ ਬਾਈਕਾਟ ਕਰਨ ਤੇ ਆਰਟਸ ਫੈਕਲਟੀ ਵਿੱਚ ਛਾਤਰ ਮਾਰਗ ’ਤੇ ਚੱਕਾ ਜਾਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਦਿੱਲੀ ਯੂਨੀਵਰਸਿਟੀ ਦੀ ਆਰਟਸ ਫੈਕਲਟੀ ਤੋਂ ਲੈ ਕੇ ਵਾਈਸ-ਚਾਂਸਲਰ ਦਫ਼ਤਰ ਤੱਕ ਵਿਦਿਆਰਥੀਆਂ ਵੱਲੋਂ ਰੈਲੀ ਕੱਢੀ ਗਈ, ਜਿਸ ਨੂੰ ਪੁਲੀਸ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਗੇਟ ’ਤੇ ਹੀ ਜ਼ਬਰਦਸਤੀ ਰੋਕ ਲਿਆ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਵਿਦਿਆਰਥੀ ਸੰਗਠਨ ਏਆਈਡੀਐਸਓ ਦੀ ਦਿੱਲੀ ਸੂਬਾ ਸਕੱਤਰ ਸ਼੍ਰਰੇਆ ਨੇ ਕਿਹਾ ਕਿ ਸਰਕਾਰ ਵੱਲੋਂ ਹਰ ਤਰ੍ਹਾਂ ਦੀਆਂ ਪਾਬੰਦੀਆਂ ਨੂੰ ਹਟਾ ਕੇ ਬੱਸ, ਮੈਟਰੋ, ਸ਼ਾਪਿੰਗ ਕੰਪਲੈਕਸ, ਸਿਨੇਮਾ ਹਾਲ ਆਦਿ ਖੁੱਲ੍ਹ ਗਏ ਹਨ, ਇਸ ਲਈ ਵਿਦਿਅਕ ਅਦਾਰੇ ਬੰਦ ਰੱਖਣ ਦਾ ਕੀ ਮਤਲਬ ਹੈ? ਵਿਦਿਆਰਥੀਆਂ ਨੇ ਅੱਗੇ ਕਿਹਾ ਕਿ ਅਜਿਹਾ ਵਿਦਿਆਰਥੀਆਂ ਨੂੰ ਸਿੱਖਿਆ ਤੋਂ ਦੂਰ ਰੱਖਣ ਦੀ ਸਰਕਾਰ ਦੀ ਨੀਤੀ ਤਹਿਤ ਕੀਤਾ ਜਾ ਰਿਹਾ ਹੈ ਤੇ ਸਹੀ ਕਲਾਸਰੂਮ ਸਿੱਖਿਆ ਦੀ ਥਾਂ ਸਿਰਫ਼ ਆਨਲਾਈਨ ਸਿੱਖਿਆ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਨੇ ਕਿਹਾ, ‘‘ਅਸੀਂ ਸਮੂਹ ਲੋਕਤੰਤਰ-ਪ੍ਰੇਮੀ ਵਿਦਿਆਰਥੀ ਸਰਕਾਰ ਦੀ ਇਸ ਨੀਤੀ ਦਾ ਸਖ਼ਤ ਵਿਰੋਧ ਕਰਦੇ ਹਾਂ ਤੇ ਮੰਗ ਕਰਦੇ ਹਾਂ ਕਿ ਦਿੱਲੀ ਯੂਨੀਵਰਸਿਟੀ ਕੈਂਪਸ ਤੇ ਇਸ ਅਧੀਨ ਆਉਂਦੇ ਸਾਰੇ ਕਾਲਜ ਤੁਰੰਤ ਖੋਲ੍ਹੇ ਜਾਣ।’’ ਰੋਸ ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਨੇ ਦਿੱਲੀ ਪੁਲੀਸ ਦੇ ਬੈਰੀਕੇਡਾਂ ਨੂੰ ਤੋੜ ਦਿੱਤਾ ਤੇ ਕਈ ਪ੍ਰਦਰਸ਼ਨਕਾਰੀ ਵੀਸੀ ਦਫ਼ਤਰ ਦੇ ਗੇਟ ਵਿੱਚ ਦਾਖ਼ਲ ਹੋ ਗਏ। ਵਿਦਿਆਰਥੀਆਂ ਨਾਲ ਡੀਯੂ ਪ੍ਰੋਕਟਰ ਨੇ ਮੁਲਾਕਾਤ ਕੀਤੀ, ਜਿਸ ਨੇ ਭਰੋਸਾ ਦਿੱਤਾ ਕਿ ਦਿੱਲੀ ਯੂਨੀਵਰਸਿਟੀ ਖੋਲ੍ਹਣ ਲਈ ਸ਼ਾਮ ਨੂੰ ਨੋਟਿਸ ਆ ਜਾਵੇਗਾ ਪਰ ਬਾਅਦ ਵਿੱਚ ਆਪਣੇ ਵਾਅਦੇ ਤੋਂ ਮੁੱਕਰ ਗਿਆ ਅਤੇ ਕਿਹਾ ਕਿ ਇਸ ਵਿੱਚ ਇੱਕ ਹਫ਼ਤਾ ਲੱਗ ਜਾਵੇਗਾ। ਵਿਦਿਆਰਥੀਆਂ ਨੇ ਐਲਾਨ ਕੀਤਾ ਕਿ ਨੋਟਿਸ ਆਉਣ ਤੱਕ ਅੰਦੋਲਨ ਜਾਰੀ ਰਹੇਗਾ।