ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਜਨਵਰੀ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਦੀ ਇੱਕ ਵਿਦਿਆਰਥਣ ਨਾਲ ਯੂਨੀਵਰਸਿਟੀ ਕੈਂਪਸ ਦੇ ਅੰਦਰ ਇੱਕ ਸਾਥੀ ਵਿਦਿਆਰਥੀ ਨੇ ਕਥਿਤ ਤੌਰ ’ਤੇ ਛੇੜਛਾੜ ਕੀਤੀ। ਪੀੜਤਾ ਯੂਨੀਵਰਸਿਟੀ ਤੋਂ ਪੀਐੱਚਡੀ ਕਰ ਰਹੀ ਹੈ। ਇਸ ਦੌਰਾਨ ਦਿੱਲੀ ਪੁਲੀਸ ਦਾ ਕਹਿਣਾ ਹੈ ਕਿ ਮੁਲਜ਼ਮ ਪਿਛਲੇ ਕੁਝ ਦਿਨਾਂ ਤੋਂ ਉਸ ਦਾ ਪਿੱਛਾ ਕਰ ਰਿਹਾ ਸੀ। ਪੁਲੀਸ ਨੇ ਦੱਸਿਆ ਕਿ ਨੌਜਵਾਨ ਕੈਂਪਸ ਦੇ ਅੰਦਰੋਂ ਮੋਟਰਸਾਈਕਲ ’ਤੇ ਆਇਆ ਤੇ ਵਿਦਿਆਰਥਣ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਵਸੰਤ ਕੁੰਜ ਉੱਤਰੀ ਪੁਲੀਸ ਸਟੇਸ਼ਨ ਨੂੰ ਇਸ ਸਬੰਧੀ ਸ਼ਿਕਾਇਤ ਮਿਲੀ ਸੀ। ਡਿਪਟੀ ਕਮਿਸ਼ਨਰ ਆਫ਼ ਪੁਲੀਸ (ਦੱਖਣ-ਪੱਛਮੀ) ਗੌਰਵ ਸ਼ਰਮਾ ਐੱਸਐੱਚਓ ਵਸੰਤ ਕੁੰਜ ਉੱਤਰੀ, ਸਟਾਫ਼ ਸਮੇਤ ਮੌਕੇ ’ਤੇ ਪੁੱਜੇ। ਸ਼ਰਮਾ ਨੇ ਕਿਹਾ ਕਿ ਜਾਂਚ ’ਚ ਸਾਹਮਣੇ ਆਇਆ ਕਿ ਸੋਮਵਾਰ ਰਾਤ 11.45 ਵਜੇ ਦੇ ਕਰੀਬ ਵਿਦਿਆਰਥਣ ਕੈਂਪਸ ਵਿੱਚ ਸੈਰ ਕਰ ਰਹੀ ਸੀ, ਜਦੋਂ ਉਹ ਯੂਨੀਵਰਸਿਟੀ ਦੇ ਪੂਰਬੀ ਗੇਟ ਰੋਡ ’ਤੇ ਪੈਦਲ ਜਾ ਰਹੀ ਸੀ ਤਾਂ ਕੈਂਪਸ ਦੇ ਅੰਦਰੋਂ ਇੱਕ ਵਿਅਕਤੀ ਮੋਟਰਸਾਈਕਲ ’ਤੇ ਆਇਆ ਤੇ ਉਸ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ। ਲੜਕੀ ਨੇ ਰੌਲਾ ਪਾਇਆ ਤਾਂ ਕਥਿਤ ਮੁਲਜ਼ਮ ਭੱਜ ਗਿਆ। ਡੀਸੀਪੀ ਨੇ ਕਿਹਾ ਕਿ ਵਸੰਤ ਕੁੰਜ ਉੱਤਰੀ ਪੁਲੀਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ਤੇ ਮੁਲਜ਼ਮ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੀਐੱਚਡੀ ਵਿਦਿਆਰਥਣ ਨਾਲ ਹੋਈ ਛੇੜਛਾੜ ਦੇ ਰੋਸ ਵਜੋਂ ਅੱਜ ਸ਼ਾਮ ਨੂੰ ਉਕਤ ਘਟਨਾ ਖ਼ਿਲਾਫ਼ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਵੱਲੋਂ ’ਵਰਸਿਟੀ ਕੈਂਪਸ ਤੋਂ ਲੈ ਕੇ ਵਸੰਤ ਕੁੰਜ ਥਾਣੇ ਤੱਕ ਮਾਰਚ ਕੱਢਿਆ ਗਿਆ ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ। ਵਿਦਿਆਰਥੀਆਂ ਨੇ ’ਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਵੀ ਨਾਅਰੇਬਾਜ਼ੀ ਕੀਤੀ।