ਨਵੀਂ ਦਿੱਲੀ, 6 ਨਵੰਬਰ
ਦੀਵਾਲੀ ਮਗਰੋਂ ਕੌਮੀ ਰਾਜਧਾਨੀ ਵਿੱਚ ਪ੍ਰਦੂਸ਼ਣ ਦਾ ਪੱਧਰ ਵਧ ਗਿਆ ਸੀ ਪਰ ਅੱਜ ਚੱਲੀਆਂ ਤੇਜ਼ ਹਵਾਵਾਂ ਕਾਰਨ ਸ਼ਹਿਰ ਵਿੱਚ ਪ੍ਰਦੂਸ਼ਣ ਘੱਟ ਗਿਆ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਦੋ ਦਿਨਾਂ ਵਿੱਚ ਦਿੱਲੀ ਦੀ ਹਵਾ ਹੋਰ ਵੀ ਸਾਫ਼ ਹੋ ਜਾਏਗੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ‘ਸਮੀਰ’ ਐਪ ਅਨੁਸਾਰ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਏਅਰ ਕੁਆਲਿਟੀ ਇੰਡੈਕਸ (ਏਕਿਉਆਈ) 462 ਸੀ ਜੋ ਕਿ ਸ਼ਨਿਚਰਵਾਰ ਨੂੰ ਘੱਟ ਕੇ 449 ਰਹਿ ਗਿਆ ਹੈ। ਏਕਿਉਆਈ ਜੇਕਰ 0 ਤੋਂ 50 ਵਿੱਚ ਹੋਵੇ ਤਾਂ ਹਵਾ ਸ਼ੁੱਧ ਹੁੰਦੀ ਹੈ। ਜੇਕਰ ਏਕਿਉਆਈ 51 ਤੋਂ 100 ਦੇ ਵਿਚਕਾਰ ਹੋਵੇ ਤਾਂ ਹਵਾ ਦੀ ਕੁਆਲਿਟੀ ਸੰਤੁਸ਼ਟੀਜਨਕ ਹੁੰਦੀ ਹੈ। 101 ਤੋਂ 200 ਤੱਕ ਏਕਿਉਆਈ ਹੋਵੇ ਤਾਂ ਉਹ ਦਰਮਿਆਨਾ ਪ੍ਰਦੂਸ਼ਣ ਮੰਨਿਆ ਜਾਂਦਾ ਹੈ। 201 ਤੋਂ 300 ਤੱਕ ਏਕਿਉਆਈ ਹੋਵੇ ਤਾਂ ਹਵਾ ਦੀ ਕੁਆਲਿਟੀ ਮਾੜੀ ਹੋ ਜਾਂਦੀ ਹੈ ਤੇ ਜੇਕਰ ਏਕਿਉਆਈ 301 ਤੋਂ 400 ਤੱਕ ਵਧ ਜਾਵੇ ਤਾਂ ਹਵਾ ਦੀ ਕੁਆਲਿਟੀ ਹੋਰ ਵੀ ਖਰਾਬ ਹੋ ਜਾਂਦੀ ਹੈ ਅਤੇ ਜੇਕਰ ਏਕਿਉਆਈ 500 ਤੋਂ ਉਪਰ ਪਹੁੰਚ ਜਾਵੇ ਤਾਂ ਹਵਾ ਵਿੱਚ ਪ੍ਰਦੂਸ਼ਣ ਖਤਰਨਾਕ ਲੈਵਲ ਤੱਕ ਪਹੁੰਚ ਜਾਂਦਾ ਹੈ। -ਪੀਟੀਆਈ