ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 9 ਅਕਤੂਬਰ
ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਵੱਲੋਂ ਕੇਂਦਰੀ ਦਿੱਲੀ ਵਿੱਚ ਫਿੱਕੀ ਆਡੀਟੋਰੀਅਮ ਵਾਲੀ ਥਾਂ ਵਿੱਚ ਹੋ ਰਹੇ ਮੁੜ ਨਿਰਮਾਣ ਉਪਰ ‘ਐਂਟੀ ਸਮੋਗ ਗੰਨ’ ਨਾ ਲਾਏ ਜਾਣ ਦਾ ਸਖ਼ਤ ਨੋਟਿਸ ਲਿਆ ਤੇ ਚਿਤਾਵਨੀ ਦਿੱਤੀ ਕਿ ਅਜਿਹਾ ਨਾ ਕੀਤਾ ਗਿਆ ਤਾਂ ਸਖ਼ਤ ਕਾਰਵਾਈ ਕਰਦੇ ਹੋਏ ਨਿਰਮਾਣ ਕਾਰਜ ਰੋਕ ਦਿੱਤੇ ਜਾਣਗੇ। ਉਨ੍ਹਾਂ ਦੋਸ਼ ਲਾਇਆ ਕਿ ਦਿੱਲੀ ਜਿਵੇਂ ਪ੍ਰਦੂਸ਼ਣ ਖ਼ਿਲਾਫ਼ ਗੰਭੀਰਤਾ ਨਾਲ ਕਦਮ ਪੁੱਟ ਰਹੀ ਹੈ ਪਰ ਗੁਆਂਢੀ ਰਾਜ ਸਰਕਾਰਾਂ ਅਜਿਹਾ ਨਹੀਂ ਕਰ ਰਹੀਆਂ। ਉਨ੍ਹਾਂ ਪ੍ਰਗਤੀ ਮੈਦਾਨ ਦੇ ਗੇਟ-6 ਕੋਲ ਹੋ ਰਹੀ ਉਸਾਰੀ ਵਾਲੀ ਥਾਂ ਦਾ ਦੌਰਾ ਕੀਤਾ ਤੇ ਉੱਥੇ ਚੱਲ ਰਹੀ ਐਂਟੀ ਸਮੌਗ ਗੰਨ ਦਾ ਕੰਮ ਵੀ ਦੇਖਿਆ। ਉਨ੍ਹਾਂ ਇਸ ਮੌਕੇ ਕਿਹਾ ਕਿ ਦਿੱਲੀ ਵਿੱਚ ਗਰਦ ਉੱਡਣੋਂ ਰੋਕਣ ਲਈ ਵਿਸ਼ੇਸ਼ ਮੁਹਿੰਮ ਚੱਲ ਰਹੀ ਹੈ ਤੇ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਦਿੱਲੀ ਵਿੱਚ 20 ਹਜ਼ਾਰ ਵਰਗ ਮੀਟਰ ਵਾਲੀਆਂ ਉਸਾਰੀ ਥਾਵਾਂ ਉਪਰ ਐਂਟੀ ਸਮੌਗ ਗੰਨ ਲਾਜ਼ਮੀ ਲਾਉਣ ਦੀ ਹਦਾਇਤ ਹੈ। ਅਜਿਹੀਆਂ 39 ਉਸਾਰੀ ਥਾਵਾਂ ਹਨ। 33 ਅਜਿਹੇ ਸਥਾਨਾਂ ਉਪਰ ਐਂਟੀ ਸਮੌਗ ਗੰਨਾਂ ਲਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਬਾਕੀ 6 ਥਾਵਾਂ ਉਪਰ ਗੰਨਾਂ ਨਾ ਲਾਉਣ ਕਾਰਨ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਸਾਰੀ ਵਾਲੀਆਂ ਛੋਟੀਆਂ ਥਾਵਾਂ ਉਪਰ ਵੀ ਧੂੜ ਨਾ ਉੱਡਣ ਦੇਣ ਦੇ ਬੰਦੋਬਸਤ ਕਰਨ ਦੀ ਹਦਾਇਤ ਜਾਰੀ ਕੀਤੀ ਗਈ ਹੈ।
ਰਾਜਧਾਨੀ ਵਿੱਚ ਪ੍ਰਦੂਸ਼ਣ ਵਿੱਚ ਹੋਇਆ ਮਾਮੂਲੀ ਸੁਧਾਰ
ਨਵੀਂ ਦਿੱਲੀ (ਪੱਤਰ ਪ੍ਰੇਰਕ): ਕੌਮੀ ਰਾਜਧਾਨੀ ਦਿੱਲੀ ਤੇ ਐਨਸੀਆਰ ਵਿੱਚ ਪ੍ਰਦੂਸ਼ਣ ਦਾ ਪੱਧਰ ਕੁੱਝ ਘਟਿਆ ਤੇ ਇਹ ਮਾੜੇ ਤੋਂ ਦਰਮਿਆਨੇ ਵਰਗ ਵਿੱਚ ਮਾਪਿਆ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਦੱਸਿਆ ਗਿਆ ਕਿ 35 ਪ੍ਰਦੂਸ਼ਣ ਨਿਗਰਾਨੀ ਕੇਂਦਰਾਂ ਵਿੱਚੋਂ 15 ਕੇਂਦਰਾਂ ਦੀ ਹਵਾ ਮਾੜੀ ਤੇ 18 ਸਟੇਸ਼ਨਾਂ ਦੀ ਹਵਾ ਦਰਮਿਆਨੇ ਪੱਧਰ ਦੇ ਪ੍ਰਦੂਸ਼ਣ ਨਾਲ ਪ੍ਰਭਾਵਿਤ ਹੋਈ। ਜਹਾਂਗੀਰਪੁਰੀ ਵਿੱਚ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਅੰਕੜਾ 267 (ਏਕਿਊਆਈ) ਮਾਪਿਆ ਗਿਆ ਜਦੋਂ ਕਿ ਔਸਤਨ ਏਕਿਊਆਈ 199 ਰਿਹਾ।