ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਮਾਰਚ
ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਕਾਲਕਾ ਜੀ ਵਿਖੇ ਡਾ.ਕਮਲ ਜੀਤ ਸਿੰਘ ਦੁਆਰਾ ਰਚਿਤ ਕਹਾਣੀ-ਸੰਗ੍ਰਹਿ ‘ਰੱਬ ਦਾ ਗੁਨਾਹ ਹੈ’ ਦੀ ਘੁੰਡ-ਚੁਕਾਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਅਤੇ ਸੈਂਟਰਲ ਯੂਨੀਵਰਸਿਟੀ ਬਠਿੰਡਾ ਦੇ ਚਾਂਸਲਰ ਪ੍ਰੋ. ਜਗਬੀਰ ਸਿੰਘ ਵੱਲੋਂ ਕੀਤੀ ਗਈ। ਦੱਸਣਯੋਗ ਹੈ ਕਿ ਕਮਲ ਜੀਤ ਸਿੰਘ ਵੱਲੋਂ ਰਚਿਤ ਉਨ੍ਹਾਂ ਦਾ ਪਹਿਲਾ ਕਹਾਣੀ-ਸੰਗ੍ਰਹਿ ਹੈ। ਇਸ ਪੁਸਤਕ ਵਿਚ 12 ਕਹਾਣੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਸਮਾਜ ਦੇ ਵੱਖ-ਵੱਖ ਪਹਿਲੂਆਂ ਤੇ ਮਸਲਿਆਂ ਦੀ ਨਿਸ਼ਾਨਦੇਹੀ ਕਰਦੀਆਂ ਹਨ। ਇਸ ਵਿਚ ਲੇਖਕ ਵੱਲੋਂ ਕੁਝ ਕਹਾਣੀਆਂ ਦੀ ਰਚਨਾ ਦੁਆਬੇ ਦੀ ਬੋਲੀ ਨੂੰ ਮੁੱਖ ਰੱਖਦਿਆਂ ਕੀਤੀ ਗਈ ਹੈ। ਇਸ ਪੁਸਤਕ ਦਾ ਮੁੱਖ-ਬੰਦ ਡਾ.ਰਾਵਿੰਦਰ ਸਿੰਘ ਵੱਲੋਂ ਲਿਖਿਆ ਗਿਆ ਹੈ। ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਡਾ.ਕਮਲ ਜੀਤ ਸਿੰਘ ਲੰਮੇ ਸਮੇਂ ਤੋਂ ਪੰਜਾਬੀ ਮਾਂ-ਬੋਲੀ ਦੀ ਸੇਵਾ ਵਿਚ ਨਿੱਠ ਕੇ ਕੰਮ ਕਰ ਰਹੇ ਹਨ ਅਤੇ ਇਹ ਪੁਸਤਕ ਉਸ ਲੜੀ ਦਾ ਹੀ ਇਕ ਰੂਪ ਹੈ। ਇਸ ਮੌਕੇ ਪ੍ਰੋ. ਜਗਬੀਰ ਸਿੰਘ, ਸਕੂਲ ਦੇ ਚੇਅਰਮੈਨ ਸਤਨਾਮ ਸਿੰਘ, ਮੈਨੇਜਰ ਕਮਲ ਜੀਤ ਸਿੰਘ, ਪ੍ਰਿੰਸੀਪਲ ਹਰਪ੍ਰੀਤ ਕੌਰ, ਡਾ. ਉਮੇ ਐਮਨ, ਅਧਿਆਪਕ, ਵਿਦਿਆਰਥੀ ਤੇ ਪਤਵੰਤੇ ਸੱਜਣ ਮੌਜੂਦ ਸਨ।