ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਮਈ
ਰਾਜੌਰੀ ਗਾਰਡਨ ਗੁਰਦੁਆਰਾ ਸਾਹਿਬ ਦਿੱਲੀ ਵਿਖੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਟੈਂਗ ਸੂ ਡੂ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ 200 ਦੇ ਕਰੀਬ ਬੱਚਿਆਂ ਨੇ ਭਾਗ ਲਿਆ। ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਦੇ 8 ਬੱਚਿਆਂ ਨੇ ਮੁਕਾਬਲੇ ਦੌਰਾਨ ਮੈਡਲ ਜਿੱਤੇ, ਜਿਸ ਵਿੱਚ ਇਕ ਛੋਟੇ ਜਿਹੇ ਬੱਚੇ ਦੀ ਉਮਰ ਸਿਰਫ਼ ਸਾਢੇ ਤਿੰਨ ਸਾਲ ਸੀ।
ਦਿੱਲੀ ਪੱਧਰ ’ਤੇ ਮੁਕਾਬਲੇ 17 ਜੁਲਾਈ ਨੂੰ ਹੋਣਗੇ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਦੇ ਪ੍ਰਧਾਨ ਹਰਮਨਜੀਤ ਸਿੰਘ ਨੇ ਦੱਸਿਆ ਕਿ ਉਹ ਅਤੇ ਗੁਰੂ ਨਾਨਕ ਪਬਲਿਕ ਸਕੂਲ ਦੇ ਚੇਅਰਮੈਨ ਤਰਲੋਚਨ ਸਿੰਘ ਨੇ ਸਾਂਝੇ ਤੌਰ ’ਤੇ ਫੈਸਲਾ ਕੀਤਾ ਹੈ ਕਿ ਓਸ਼ੀਮਨ ਸਿੰਘ ਦੇ ਸਹਿਯੋਗ ਨਾਲ ਸਕੂਲ ਵਿੱਚ ਟੈਂਗ ਸੂ ਡੂ ਲਈ ਇੱਕ ਪੀਰੀਅਡ ਰੱਖਿਆ ਜਾਵੇਗਾ ਤਾਂ ਜੋ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਆਪਣੇ ਗੌਰਵਮਈ ਵਿਰਸੇ ਦੀ ਸਿੱਖਿਆ ਵੀ ਦਿੱਤੀ ਜਾਵੇ। ਇਸ ਲਈ ਓਸ਼ੀਮਨ ਸਿੰਘ ਨੂੰ ਸਿਖਲਾਈ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਪਿਛਲੇ 6 ਮਹੀਨਿਆਂ ਤੋਂ ਮੁਕਾਬਲੇ ਲਈ ਸਿੱਖਲਾਈ ਦਿੱਤੀ ਜਾ ਰਹੀ ਸੀ। ਟੈਂਗ ਸੂ ਡੂ ਇੱਕ ਅਜਿਹੀ ਖੇਡ ਹੈ, ਜਿਸ ਨਾਲ ਬੱਚਿਆਂ ਦੀ ਸਿਹਤ ਵੀ ਤੰਦਰੁਸਤ ਰਹਿੰਦੀ ਹੈ ਅਤੇ ਲੋੜ ਪੈਣ ’ਤੇ ਉਹ ਆਪਣੀ ਰੱਖਿਆ ਵੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਰਾਜੌਰੀ ਗਾਰਡਨ ਦੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਇਸ ਖੇਡ ਦੀ ਸਿੱਖਿਆ ਲਈ ਭੇਜਿਆ ਹੈ ਅਤੇ ਸਾਡੀ ਕਮੇਟੀ ਅਧੀਨ ਚੱਲ ਰਹੇ ਸਕੂਲ ਦੇ 8 ਬੱਚਿਆਂ ਨੇ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦੇ ਹੋਏ ਮੈਡਲ ਜਿੱਤੇ ਹਨ। ਉਨ੍ਹਾਂ ਕਿਹਾ ਕਿ ਕੋਚ ਓਸ਼ੀਮਨ ਨੂੰ ਬੱਚਿਆਂ ਲਈ ਜਿਸ ਚੀਜ਼ ਦੀ ਵੀ ਲੋੜ ਹੋਵੇਗੀ, ਉਹ ਮੁਹੱਈਆ ਕਰਵਾਈ ਜਾਵੇਗੀ।