ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਅਗਸਤ
ਦਿੱਲੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵਿਸ਼ੇਸ਼ ਸੈਸ਼ਨ ਬੁਲਾ ਕੇ ਭਰੋਸੇ ਦਾ ਮਤਾ ਲਿਆਉਣ ਦੀ ਕੀ ਲੋੜ ਸੀ। ਭਾਵੇਂ ਕਿ ਉਨ੍ਹਾਂ ਕੋਲ 70 ਵਿੱਚੋਂ 62 ਵਿਧਾਇਕ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਕੀ ਦਿਖਾਉਣਾ ਹੈ ਕਿ ਆਮ ਆਦਮੀ ਪਾਰਟੀ ਦਾ ਹਰ ਵਿਧਾਇਕ, ਹਰ ਮੰਤਰੀ ਇਮਾਨਦਾਰ ਹੈ ਜਦਕਿ ਕੇਜਰੀਵਾਲ ਸਰਕਾਰ ਦਾ ਭ੍ਰਿਸ਼ਟਾਚਾਰ ਦਿੱਲੀ ਵਾਸੀਆਂ ਦੇ ਸਾਹਮਣੇ ਇਕ-ਇਕ ਕਰਕੇ ਬੇਨਕਾਬ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਵੱਲੋਂ ਵਿਸ਼ੇਸ਼ ਇਜਲਾਸ ਬੁਲਾਉਣ ਦਾ ਮਕਸਦ ਸ਼ਰਾਬ ਘੁਟਾਲੇ ਤੋਂ ਦਿੱਲੀ ਵਾਸੀਆਂ ਦਾ ਧਿਆਨ ਹਟਾਉਣ ਲਈ ਭਰੋਸੇ ਦੇ ਮਤੇ ਦਾ ਡਰਾਮਾ ਕਰਨਾ ਸੀ। ਉਨ੍ਹਾਂ ਕਿਹਾ ਕਿ ਭਾਜਪਾ ਦੇ ਵਿਧਾਇਕਾਂ ਨੇ ਵਿਸ਼ੇਸ਼ ਇਜਲਾਸ ਵਿੱਚ ਜ਼ਿੰਮੇਵਾਰ ਭੂਮਿਕਾ ਨਿਭਾਉਣ ਦੀ ਬਜਾਏ ਸਦਨ ਤੋਂ ਬਾਹਰ ਹੋਣ ਦਾ ਬਹਾਨਾ ਲਗਾ ਕੇ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਦੀ ਮਦਦ ਕਰਨ ਦਾ ਕੰਮ ਕੀਤਾ ਹੈ।
ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਲੀ ਵਿਧਾਨ ਸਭਾ ਵਿੱਚ ਨਿਯਮ 54 ਦੇ ਤਹਿਤ ਧਿਆਨ ਦੇਣ ਦੇ ਪ੍ਰਸਤਾਵ ਵਿੱਚ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਕਮਰਿਆਂ ਦੇ ਨਿਰਮਾਣ ਕਾਰਜ ਵਿੱਚ ਵੱਡੇ ਭ੍ਰਿਸ਼ਟਾਚਾਰ ਬਾਰੇ ਸੀਵੀਸੀ ਦੀ ਡੂੰਘਾਈ ਨਾਲ ਜਾਂਚ ਰਿਪੋਰਟ ਦਾ ਵਿਸ਼ੇਸ਼ ਸੈਸ਼ਨ ਵਿੱਚ ਜਵਾਬ ਕਿਉਂ ਨਹੀਂ ਦਿੱਤਾ ਤੇ ਭਾਜਪਾ ਵਿਧਾਇਕਾਂ ਨੇ ਸੀਵੀਸੀ ਤੋਂ ਪੁੱਛਿਆ ਕਿ ਜਾਂਚ ਰਿਪੋਰਟ ’ਤੇ ਚਰਚਾ ਦੀ ਮੰਗ ਕਰਨ ਦੀ ਬਜਾਏ ਸਦਨ ਤੋਂ ਬਾਹਰ ਜਾਣ ਦਾ ਡਰਾਮਾ ਕਿਉਂ ਕੀਤਾ ਗਿਆ।