ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਅਕਤੂਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਮੇਟੀ ਦੇ ਮੁਲਾਜ਼ਮਾਂ ਵਾਸਤੇ ਤਿੰਨ ਰੋਜ਼ਾ ‘ਸ਼ਖਸੀਅਤ ਉਸਾਰੂ ਕੈਂਪ’ ਇਥੇ ਵੱਖ ਵੱਖ ਗੁਰਦੁਆਰਿਆਂ ਵਿੱਚ ਲਗਾਇਆ ਗਿਆ। ਅੱਜ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸੰਪੰਨ ਹੋਇਆ।
ਇਸ ਮੌਕੇ ਹਾਜ਼ਰ ਮੁਲਾਜ਼ਮਾਂ ਤੇ ਹੋਰਨਾਂ ਨੂੰ ਸੰਬੋਧਨ ਕਰਦਿਆਂ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਅਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਇਹ ਕੈਂਪ ਲਗਾਉਣ ਦਾ ਮਕਸਦ ਮੁਲਾਜ਼ਮਾਂ ਨੂੰ ਗੁਰੂ ਘਰਾਂ ਦੀ ਮਰਿਆਦਾ ਦੀ ਜਾਣਕਾਰੀ ਦੇਣਾ, ਉਨ੍ਹਾਂ ਵਿੱਚ ਚੰਗੇ ਆਚਰਨ ਨੂੰ ਉਤਸ਼ਾਹਿਤ ਕਰਨਾ ਤੇ ਹਰ ਤਰੀਕੇ ਦੇ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਤੇ ਆਪਣੇ ਸੁਭਾਅ ਵਿਚ ਨਿਮਰਤਾ, ਹਲੀਮੀ ਤੇ ਮਿਠਾਸ ਵਰਗੇ ਗੁਣ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਕੈਂਪ ਮੁਲਾਜ਼ਮਾਂ ਵਾਸਤੇ ਬਹੁਤ ਅਹਿਮੀਅਤ ਰੱਖਦੇ ਹਨ।
ਉਨ੍ਹਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਧਰਮ ਪ੍ਰਚਾਰ ਲਈ ਕੀਤੇ ਜਾ ਰਹੇ ਕਾਰਜਾਂ ਦੀ ਬਦੌਲਤ ਥੋੜ੍ਹੇ ਹੀ ਸਮੇਂ ਵਿਚ ਦੇਸ਼ ਵਿਦੇਸ਼ ਵਿਚ ਦਿੱਲੀ ਕਮੇਟੀ ਪ੍ਰਤੀ ਵਿਸ਼ਵਾਸ ਹੋਰ ਵਧਿਆ ਹੈ। ਉਨ੍ਹਾਂ ਕਿਹਾ ਕਿ ਆਉਂਦੇ ਸਮੇਂ ਵਿਚ ਜਿਥੇ ਦਿੱਲੀ ਵਿਚ ਦਿੱਲੀ ਗੁਰਦੁਆਰਾ ਕਮੇਟੀ ਧਾਰਮਿਕ ਸਰਗਰਮੀਆਂ ਵਧਾਉਣ ਜਾ ਰਹੀ ਹੈ, ਉਥੇ ਹੀ ਪੰਜਾਬ ਵਿਚ ਵੀ ਧਰਮ ਪ੍ਰਚਾਰ ਦੀ ਲਹਿਰ ਹੋਰ ਪ੍ਰਚੰਡ ਕੀਤੀ ਜਾਵੇਗੀ। ਅਜਿਹੇ ਕੈਂਪ ਹਰ ਤਿੰਨ ਮਹੀਨੇ ਮਗਰੋਂ ਲਗਾਏ ਜਾਣਗੇ। ਇਨ੍ਹਾਂ ਕੈਂਪਾਂ ਵਿਚ ਗੁਰਬਾਣੀ ਦੇ ਪੂਰਨਵਾਨ ਸਿੰਘ ਸਾਹਿਬਾਨ ਵੱਲੋਂ ਗੁਰੂ ਮਰਿਆਦਾ ਦੀਪੂਰੀ ਜਾਣਕਾਰੀ ਮੁਲਾਜ਼ਮਾਂ ਨੂੰ ਦਿੱਤੀ ਜਾਵੇਗੀ।