ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਮਈ
ਦੱਖਣੀ ਦਿੱਲੀ ਨਗਰ ਨਿਗਮ ਵੱਲੋਂ ਆਪਣੇ ਇਲਾਕੇ ਦੇ 8 ਹਜ਼ਾਰ ਮਕਾਨ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਜਿਨ੍ਹਾਂ ਦੇ ਘਰਾਂ ਵਿੱਚ ਡੇਂਗੂ ਦਾ ਲਾਰਵਾ ਪਾਇਆ ਗਿਆ। ਇਸ ਸਾਲ ਅਜੇ ਤੱਕ 80 ਤੋਂ ਵੱਧ ਮਾਮਲੇ ਡੇਂਗੂ ਦੇ ਮਰੀਜ਼ਾਂ ਦੇ ਸਾਹਮਣੇ ਆਏ ਹਨ ਤੇ 1100 ਲੋਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਆਰੰਭੀ ਗਈ ਹੈ। ਨਿਗਮ ਦੀਆਂ ਮਲੇਰੀਆ ਡੇਂਗੂ ਵਿਰੋਧੀ ਟੀਮਾਂ ਵੱਲੋਂ 27 ਲੱਖ ਘਰਾਂ ਦੀ ਜਾਂਚ ਕੀਤੀ ਗਈ ਸੀ ਤੇ 2 ਲੱਖ ਘਰਾਂ ਵਿੱਚ ਦਵਾਈ ਦਾ ਛਿੜਕਾਅ ਵੀ ਕੀਤਾ ਗਿਆ ਸੀ। ਇਸ ਤੋਂ ਇਲਾਵਾ ਹੋਰ ਸਥਾਨਕ ਏਜੰਸੀਆਂ ਜਿਵੇਂ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ, ਦਿੱਲੀ ਜਲ ਬੋਰਡ ਤੇ ਡੀਡੀਏ ਖ਼ਿਲਾਫ਼ ਵੀ ਕਾਰਵਾਈ ਕੀਤੀ ਹੈ। ਨਿਗਮ ਵੱਲੋਂ ਦੱਸਿਆ ਗਿਆ ਕਿ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਵੀ ਜਾਰੀ ਰੱਖੀ ਗਈ ਹੈ। 2015-16 ਵਿੱਚ ਦਿੱਲੀ ਅੰਦਰ ਡੇਂਗੂ ਤੇ ਮਲੇਰੀਆ ਦੇ ਕਈ ਮਾਮਲੇ ਆਏ ਸਨ ਤੇ ਮੌਤਾਂ ਹੋਈਆਂ ਸਨ। ਚਿਕਨਗੁਨੀਆ ਦੇ ਮਾਮਲਿਆਂ ਵਿੱਚ ਵੀ ਵਾਧਾ ਹੋਇਆ ਸੀ ਤੇ ਮੌਤਾਂ ਦਰਜ ਕੀਤੀਆਂ ਗਈਆਂ ਸਨ। ਦਿੱਲੀ ਦੇ ਸੰਘਣੀ ਆਬਾਦੀ ਵਾਲੇ ਇਲਾਕਿਆਂ ਵਿੱਚ ਜਿੱਥੇ ਧੁੱਪ ਤੇ ਹਵਾ ਨਹੀਂ ਪਹੁੰਚਦੀ ਉੱਥੇ ਮੱਛਰ ਪੈਦਾ ਹੋਣ ਦਾ ਡਰ ਜ਼ਿਆਦਾ ਰਹਿੰਦਾ ਹੈ।