ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਜੁਲਾਈ
ਸੋਨੂੰ ਪੰਜਾਬਣ ਵਜੋਂ ਜਾਣੀ ਜਾਂਦੀ ਗੀਤਾ ਅਰੋੜਾ ਜੋ ਕਿ ਅਗਵਾ, ਮਨੁੱਖੀ ਤਸਕਰੀ ਤੇ ਦੇਹ ਵਪਾਰ ਦੇ ਮਾਮਲੇ ਵਿਚ ਜੇਲ੍ਹ ’ਚ ਹੈ, ਨੂੰ ਦਵਾਈ ਦੀ ਜ਼ਿਆਦਾ ਮਾਤਰਾ ਨਿਗਲਣ ਤੋਂ ਬਾਅਦ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਸੋਨੂੰ ਪੰਜਾਬਣ ਇਸ ਸਮੇਂ ਤਿਹਾੜ ਦੀ ਜੇਲ੍ਹ ਨੰਬਰ 6 ਵਿੱਚ ਬੰਦ ਹੈ। ਉਸ ਨੇ 16 ਜੁਲਾਈ ਨੂੰ ਸਿਰਦਰਦ ਲਈ ਬਹੁਤ ਸਾਰੀਆਂ ਗੋਲੀਆਂ ਦੀ ਵਰਤੋਂ ਕੀਤੀ, ਜੋ ਸ਼ਾਇਦ ਉਹ ਕੁਝ ਸਮੇਂ ਤੋਂ ਇਕੱਠੀ ਕਰ ਰਹੀ ਹੋਵੇ। ਦਵਾਈ ਦੀ ਵਰਤੋਂ ਕਰਨ ਤੋਂ ਬਾਅਦ ਉਸ ਨੇ ਬੇਚੈਨੀ ਦੀ ਸ਼ਿਕਾਇਤ ਕੀਤੀ ਤੇ ਬਾਅਦ ਵਿੱਚ ਉਸਨੂੰ ਜੇਲ੍ਹ ਦੇ ਅੰਦਰ ਸਥਿਤ ਡਿਸਪੈਂਸਰੀ ’ਚ ਦਾਖਲ ਕਰਵਾਇਆ ਗਿਆ। ਤਿਹਾੜ ਜੇਲ੍ਹ ਦੇ ਲੋਕ ਸੰਪਰਕ ਅਧਿਕਾਰੀ ਨੇ ਕਿਹਾ ਕਿ ਬਾਅਦ ਵਿੱਚ ਉਸ ਨੂੰ ਦੀਨ ਦਿਆਲ ਉਪਾਧਿਆਏ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਉਸ ਨੂੰ ਜਲਦੀ ਹੀ ਛੁੱਟੀ ਦੇ ਦਿੱਤੀ ਜਾਵੇਗੀ। ਸੋਨੂੰ ਪੰਜਾਬਣ ਅਤੇ ਉਸ ਦੇ ਸਾਥੀ ਸੰਦੀਪ ਬੇਦਵਾਲ ਨੂੰ ਅਗਵਾ ਮਨੁੱਖੀ ਤਸਕਰੀ ਤੇ ਵੇਸਵਾਗਮਨੀ ਦੇ ਇੱਕ ਕੇਸ ਵਿੱਚ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ।