ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਅਕਤੂਬਰ
ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਅੱਜ ਕਨਾਟ ਪਲੇਸ ਵਿਖੇ ਸਮੋਗ ਟਾਵਰ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪਿਛਲੇ ਇੱਕ ਸਾਲ ਦੇ ਅਧਿਐਨ ਦੀ ਅੰਤਰਿਮ ਰਿਪੋਰਟ ਆਈ.ਆਈ.ਟੀ ਮੁੰਬਈ ਤੋਂ ਆਈ ਹੈ। ਇਸ ’ਚ ਇਹ ਸਮੋਗ ਟਾਵਰ 50 ਮੀਟਰ ਤੱਕ 70 ਤੋਂ 80 ਫੀਸਦੀ ਅਤੇ 300 ਮੀਟਰ ਦੀ ਦੂਰੀ ’ਤੇ 15 ਤੋਂ 20 ਫੀਸਦੀ ਤੱਕ ਹਵਾ ਪ੍ਰਦੂਸ਼ਣ ਨੂੰ ਘਟਾਉਂਦਾ ਹੈ। 300 ਮੀਟਰ ਤੱਕ ਸਮੋਗ ਟਾਵਰਾਂ ਦਾ ਅਸਰ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ’ਤੇ ਪਿਆ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਪਿਛਲੇ ਸਾਲ ਦਿੱਲੀ ਵਿੱਚ ਸਮੋਗ ਟਾਵਰ ਲਗਾਇਆ ਗਿਆ ਸੀ। ਇਸ ਤਰ੍ਹਾਂ ਦਾ ਸਮੋਗ ਟਾਵਰ ਦੁਨੀਆ ਦੇ ਅੰਦਰ ਚੀਨ ’ਚ ਲਗਾਇਆ ਗਿਆ ਸੀ ਪਰ ਇਸ ਦੀ ਤਕਨੀਕ ਵੱਖਰੀ ਸੀ। ਉਹ ਹੇਠਾਂ ਤੋਂ ਹਵਾ ਖਿੱਚਦਾ ਸੀ, ਸਾਫ਼ ਕਰਦਾ ਸੀ ਅਤੇ ਉੱਪਰੋਂ ਛੱਡਦਾ ਸੀ। ਇਹ ਸਮੋਗ ਟਾਵਰ ਪ੍ਰਦੂਸ਼ਿਤ ਹਵਾ ਨੂੰ ਉਪਰੋਂ ਖਿੱਚਦਾ ਹੈ ਤੇ ਹੇਠਾਂ ਸਾਫ਼ ਕਰਦਾ ਹੈ। ਇਸ ਦੀ ਸ਼ੁਰੂਆਤ ਪਿਛਲੇ ਸਾਲ ਅਕਤੂਬਰ ’ਚ ਪਾਇਲਟ ਪ੍ਰਾਜੈਕਟ ਵਜੋਂ ਕੀਤੀ ਗਈ ਸੀ। ਇਹ ਪਾਇਲਟ ਅਧਿਐਨ ਪ੍ਰਾਜੈਕਟ ਦੋ ਸਾਲਾਂ ਦੀ ਮਿਆਦ ਦਾ ਹੈ। ਆਈਆਈਟੀ ਮੁੰਬਈ ਅਤੇ ਆਈਆਈਟੀ ਦਿੱਲੀ ਅਤੇ ਡੀਪੀਸੀਸੀ ਦੀ ਟੀਮ ਲਗਾਤਾਰ ਇਸ ਦੀ ਨਿਗਰਾਨੀ ਕਰ ਰਹੀ ਹੈ।
ਸ੍ਰੀ ਰਾਏ ਨੇ ਕਿਹਾ ਕਿ ਇਸ ਨਾਲ 300 ਮੀਟਰ ਦੀ ਦੂਰੀ ’ਤੇ ਹਵਾ ਪ੍ਰਦੂਸ਼ਣ ’ਚ 70 ਤੋਂ 80 ਫੀਸਦੀ ਤੇ 15 ਤੋਂ 20 ਫੀਸਦੀ ਦੀ ਕਮੀ ਆਉਂਦੀ ਹੈ। ਇਸ ਸਮੋਗ ਟਾਵਰ ਨੂੰ ਲਗਾਉਣ ਲਈ 20 ਕਰੋੜ ਰੁਪਏ ਖਰਚ ਕੀਤੇ ਗਏ ਹਨ। ਮਾਹਿਰਾਂ ਦੀ ਟੀਮ ਨੂੰ ਇਸ ਗੱਲ ਦਾ ਅਧਿਐਨ ਕਰਨ ਲਈ ਵੀ ਕਿਹਾ ਗਿਆ ਹੈ ਕਿ ਦਿੱਲੀ ਦੀ ਸਥਿਤੀ ਮੁਤਾਬਕ ਸਮੋਗ ਟਾਵਰ ਨੂੰ ਹੋਰ ਕਿਵੇਂ ਸੁਧਾਰਿਆ ਜਾ ਸਕਦਾ ਹੈ।