ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਅਗਸਤ
ਉੱਤਰ -ਪੱਛਮੀ ਦਿੱਲੀ ਵਿੱਚ ਭਲਸਵਾ ਲੈਂਡਫਿਲ ਦਾ ਇੱਕ ਹਿੱਸਾ ਸੋਮਵਾਰ ਸਵੇਰੇ ਖਿਸਕ ਜਾਣ ਕਾਰਨ ਕੁਝ ਝੁੱਗੀਆਂ ਨੁਕਸਾਨੀਆਂ ਗਈਆਂ।
ਪੁਲੀਸ ਬੁਲਾਰੇ ਨੇ ਦੱਸਿਆ ਕਿ ਇਹ ਘਟਨਾ ਸਵੇਰੇ 7.30 ਵਜੇ ਦੇ ਕਰੀਬ ਵਾਪਰੀ ਜਿਸ ਦੌਰਾਨ ਲੈਂਡਫਿਲ ਦਾ ਇੱਕ ਹਿੱਸਾ ਢਹਿ ਗਿਆ ਤੇ ਝਾੜੀਆਂ ਦੇ ਨੇੜੇ ਸੜਕ ਉੱਪਰ ਡਿੱਗ ਗਿਆ। ਝੁੱਗੀਆਂ ਨੂੰ ਮਾਮੂਲੀ ਨੁਕਸਾਨ ਹੋਇਆ ਹੈ ਤੇ ਕਿਸੇ ਦੇ ਫਸੇ ਹੋਣ ਦਾ ਡਰ ਨਹੀਂ। ਉਨ੍ਹਾਂ ਕਿਹਾ ਕਿ ਸੜਕ ਨੂੰ ਸਾਫ ਕਰਨ ਲਈ ਜੇਸੀਬੀ ਮਸ਼ੀਨਾਂ ਮੰਗਵਾਈਆਂ ਗਈਆਂ। ਉੱਤਰੀ ਦਿੱਲੀ ਨਗਰ ਨਿਗਮ ਦੇ ਸੂਤਰਾਂ ਨੇ ਦੱਸਿਆ ਕਿ ਬਚਾਅ ਟੀਮਾਂ ਮੌਕੇ ਉੱਤੇ ਪਹੁੰਚ ਗਈਆਂ ਤੇ ਰਾਹਤ ਕਾਰਜ ਜਾਰੀ ਸਨ। ਉੱਤਰੀ ਦਿੱਲੀ ਨਗਰ ਨਿਗਮ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ ਤੇ ਡੰਪਿੰਗ ਸਾਈਟ ਤੋਂ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ। ਭਲਸਵਾ ਲੈਂਡਫਿਲ 1984 ਵਿੱਚ ਬਣਾਇਆ ਗਿਆ ਸੀ ਤੇ 70 ਏਕੜ ਵਿੱਚ ਫੈਲਿਆ ਹੋਇਆ ਹੈ। ਦਿੱਲੀ ਵਿੱਚ ਤਿੰਨ ਲੈਂਡਫਿਲ ਸਾਈਟਾਂ ਗਾਜ਼ੀਪੁਰ, ਓਖਲਾ ਅਤੇ ਭਲਸਵਾ ਹਨ ਜਿੱਥੇ ਰੋਜ਼ਾਨਾ ਲਗਪੱਗ 8000 ਟਨ ਨਗਰ ਨਿਗਮ ਦਾ ਕੂੜਾ ਸੁੱਟਿਆ ਜਾਂਦਾ ਹੈ।