ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 12 ਅਕਤੂਬਰ
ਦਿੱਲੀ ਤੇ ਐਨਸੀਆਰ ਵਿੱਚ ਲਗਾਤਾਰ ਚਾਰ ਦਿਨ ਮੀਂਹ ਪੈਣ ਤੋਂ ਬਾਅਦ ਅੱਜ ਸ਼ਹਿਰ ਦੇ ਕੁਝ ਹਿੱਸਿਆਂ ਨੂੰ ਧੁੰਦ ਨੇ ਘੇਰ ਲਿਆ, ਜਿਸ ਕਾਰਨ ਕਈ ਥਾਈਂ ਆਵਾਜਾਈ ਪ੍ਰਭਾਵਿਤ ਹੋਈ ਤੇ ਸੜਕਾਂ ’ਤੇ ਟਰੈਫਿਕ ਜਾਮ ਲੱਗ ਗਏ। ਭਾਰਤ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਨੇ ਸੀਨੀਅਰ ਵਿਗਿਆਨੀ ਆਰਕੇ ਜੇਨਾਮਣੀ ਨੇ ਕਿਹਾ ਕਿ ਦਿੱਲੀ ਵਿੱਚ ਇਸ ਮੌਸਮ ’ਚ ਪਹਿਲੀ ਵਾਰ ਧੁੰਦ ਪਈ ਹੈ। ਉਨ੍ਹਾਂ ਕਿਹਾ ਕਿ ਰਾਜਧਾਨੀ ਵਿੱਚ ਘੱਟ ਤੋਂ ਘੱਟ ਤਾਪਮਾਨ 20.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜੋ ਕਿ ਆਮ ਨਾਲੋਂ ਇਕ ਡਿਗਰੀ ਘੱਟ ਹੈ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।ਇਸ ਸਬੰਧੀ ਸਿਸਟਮ ਆਫ ਏਅਰ ਕੁਆਲਿਟੀ ਐਂਡ ਵੈਦਰ ਫੋਰਕਾਸਟਿੰਗ ਐਂਡ ਰਿਸਰਚ ਨੇ ਕਿਹਾ ਕਿ ਨਵੀਂ ਦਿੱਲੀ ਲਈ 12 ਅਕਤੂਬਰ ਨੂੰ ਸਵੇਰੇ 11 ਵਜੇ ਏਅਰ ਕੁਆਲਿਟੀ ਇੰਡੈਕਸ ਮੱਧਮ ਸ਼੍ਰੇਣੀ ਵਿੱਚ (153) ਦਰਜ ਕੀਤਾ ਗਿਆ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਧੂੰਏਂ ਕਾਰਨ ਸਾਹ ਲੈਣ ਵਿੱਚ ਤਕਲੀਫ਼ ਹੋ ਸਕਦੀ ਹੈ, ਸਾਹ ਸਬੰਧੀ ਪੇਚੀਦਗੀਆਂ ਪੈਦਾ ਹੋ ਸਕਦੀਆਂ ਹਨ। ਡਾ. ਨਿਖਿਲ ਮੋਦੀ, ਸੀਨੀਅਰ ਪਲਮੋਨੋਲੋਜਿਸਟ, ਇੰਦਰਪ੍ਰਸਥ ਅਪੋਲੋ ਹਸਪਤਾਲ ਨੇ ਕਿਹਾ ਕਿ ਠੰਢੇ ਦਿਨ ਅਤੇ ਰਾਤ ਦੇ ਤਾਪਮਾਨ ਕਾਰਨ ਸਾਹ, ਜਿਵੇਂ ਕਿ ਦਮੇ ਤੇ ਬ੍ਰੌਨਕਾਈਟਸ ਨਾਲ ਪੀੜਤ ਮਰੀਜ਼ ਪ੍ਰਭਾਵਿਤ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਦਿੱਲੀ-ਐਨਸੀਆਰ ਵਿੱਚ ਪਿਛਲੇ ਹਫ਼ਤੇ ਹੋਈ ਬਾਰਸ਼ ਨੇ ਤਾਪਮਾਨ ਵਿੱਚ ਤਬਦੀਲੀ ਕੀਤੀ ਹੈ। ਹੁਣ ਸਵੇਰ ਅਤੇ ਸ਼ਾਮ ਤਾਪਮਾਨ ਘੱਟ ਜਾਂਦਾ ਹੈ। ਡਾ. ਨਿਖਿਲ ਨੇ ਅੱਗੇ ਕਿਹਾ ਕਿ ਤਾਪਮਾਨ ਵਿੱਚ ਬਦਲਾਅ ਕਾਰਨ ਅਸਥਮਾ, ਸੀਓਪੀਡੀ ਤੇ ਬ੍ਰੌਨਕਾਈਟਿਸ ਦੇ ਮਰੀਜ਼ਾਂ ਦੀ ਗਿਣਤੀ ਵਧ ਜਾਂਦੀ ਹੈ। ਮਾਹਰ ਅਨੁਸਾਰ ਇਸ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਉਮਰ ਵਰਗ ਵਿੱਚ ਛੋਟੀ ਉਮਰ ਤੋਂ ਹੀ ਦਮੇ ਦੀ ਬਿਮਾਰੀ ਸ਼ੁਰੂ ਹੋ ਜਾਂਦੀ ਹੈ। ਦਿੱਲੀ ਵਿੱਚ 2007 ਤੋਂ ਬਾਅਦ ਦੂਜੀ ਸਭ ਤੋਂ ਵੱਧ ਬਾਰਿਸ਼ ਹੋਈ ਹੈ, ਦਿਨ-ਰਾਤ ਦੇ ਤਾਪਮਾਨ ਘੱਟ ਗਿਆ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ, ਦਿੱਲੀ ਵਿੱਚ ਅੱਜ ਸਵੇਰੇ ਅੰਸ਼ਕ ਤੌਰ ‘ਤੇ ਬੱਦਲਵਾਈ ਧੁੰਦ ਦੇ ਨਾਲ ਘੱਟੋ-ਘੱਟ ਤਾਪਮਾਨ 20 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ।