ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 5 ਮਈ
ਆਮ ਆਦਮੀ ਪਾਰਟੀ ਨੇ ‘ਜੇਲ੍ਹ ਕਾ ਜਵਾਬ ਵੋਟ ਸੇ’ ਮੁਹਿੰਮ ਤਹਿਤ ਐਤਵਾਰ ਸਵੇਰੇ ਰਾਜਿੰਦਰ ਨਗਰ ਵਿੱਚ ਵਾਕਾਥਨ ਦਾ ਆਯੋਜਨ ਕੀਤਾ। ਇਸ ਮੌਕੇ ਵੱਡੀ ਗਿਣਤੀ ਨੌਜਵਾਨਾਂ ਨੇ ‘ਆਪ’ ਦੇ ਝੰਡੇ ਅਤੇ ਮੁੱਖ ਮੰਤਰੀ ਕੇਜਰੀਵਾਲ ਦੇ ਬੈਨਰ ਲੈ ਕੇ ਸ਼ਮੂਲੀਅਤ ਕੀਤੀ। ਇਸ ਦੌਰਾਨ ਕੈਬਨਿਟ ਮੰਤਰੀ ਸੌਰਭ ਭਾਰਦਵਾਜ ਨੇ ਰੈਲੀ ਦੌਰਾਨ ‘ਮੋਦੀ ਵਾਸ਼ਿੰਗ ਮਸ਼ੀਨ’ ਮੰਚ ’ਤੇ ਰੱਖੀ ਤੇ ਕਿਹਾ ਕਿ ਇਸ ਮਸ਼ੀਨ ਵਿੱਚ ਪਾਉਣ ਨਾਲ ਵੱਡੇ-ਵੱਡੇ ਭ੍ਰਿਸ਼ਟ ਲੋਕ ਧੋਤੇ ਜਾਂਦੇ ਹਨ ਅਤੇ ਬੇਦਾਗ ਹੋ ਜਾਂਦੇ ਹਨ। ‘ਆਪ’ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਸੰਜੈ ਸਿੰਘ, ਦਿੱਲੀ ਦੇ ਸੂਬਾ ਕਨਵੀਨਰ ਗੋਪਾਲ ਰਾਏ, ਲੋਕ ਸਭਾ ਉਮੀਦਵਾਰ ਸੋਮਨਾਥ ਭਾਰਤੀ, ਮੇਅਰ ਸ਼ੈਲੀ ਓਬਰਾਏ, ਵਿਧਾਇਕ ਦੁਰਗੇਸ਼ ਪਾਠਕ, ਵਿਧਾਇਕ ਵਿਸ਼ੇਸ਼ ਰਵੀ ਅਤੇ ਵਿਧਾਇਕ ਸ਼ਿਵਚਰਨ ਗੋਇਲ ਅਤੇ ਹੋਰ ਸੀਨੀਅਰ ਆਗੂਆਂ ਨੇ ਵਾਕਾਥਨ ਵਿੱਚ ਹਿੱਸਾ ਲਿਆ। ਸੰਜੈ ਸਿੰਘ ਨੇ ਕਿਹਾ, ‘‘ਅਸੀਂ ਲੋਕਾਂ ਵਿੱਚ ਜਾ ਕੇ ਦੱਸ ਰਹੇ ਹਾਂ ਕਿ ਕਿਵੇਂ 2014 ਤੋਂ ਬਾਅਦ ਭਾਜਪਾ ਭ੍ਰਿਸ਼ਟਾਚਾਰੀਆਂ ਦਾ ਸਮਰਥਨ ਲੈ ਕੇ ਉਨ੍ਹਾਂ ਨੂੰ ਮੰਤਰੀ ਬਣਾ ਕੇ ਦੇਸ਼ ਭਰ ਵਿੱਚ ਭ੍ਰਿਸ਼ਟਾਚਾਰ ਦੇ ਦਾਗ ਧੋ ਰਹੀ ਹੈ। ਇਹ ਕੋਈ ਛੋਟੀ ਗੱਲ ਨਹੀਂ ਹੈ। ਪ੍ਰਧਾਨ ਮੰਤਰੀ ਨੇ ਖੁਦ ਅਸ਼ੋਕ ਚੌਹਾਨ ਨੂੰ ਕਾਰਗਿਲ ਦੀਆਂ ਵਿਧਵਾਵਾਂ ਦੇ ਫਲੈਟਾਂ ਲਈ ਪੈਸੇ ਲੈਣ ਲਈ ਕਿਹਾ।’’
ਦਿੱਲੀ ਪ੍ਰਦੇਸ਼ ਕਨਵੀਨਰ ਗੋਪਾਲ ਰਾਏ ਨੇ ਕਿਹਾ ਕਿ ਭਾਜਪਾ ਨੇ ਭਾਰੀ ਬਹੁਮਤ ਨਾਲ ਚੁਣੇ ਗਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚੋਣਾਂ ਦੌਰਾਨ ਬਿਨਾਂ ਕਿਸੇ ਸਬੂਤ ਦੇ ਗ੍ਰਿਫ਼ਤਾਰ ਕੀਤਾ ਗਿਆ, ਜਿਸ ਖ਼ਿਲਾਫ਼ ਦਿੱਲੀ ਦੇ ਲੋਕਾਂ ’ਚ ਕਾਫੀ ਗੁੱਸਾ ਹੈ। ਦਿੱਲੀ ਦੇ ਨੌਜਵਾਨਾਂ, ਔਰਤਾਂ ਅਤੇ ਬਜ਼ੁਰਗਾਂ ਸਮੇਤ ਸਮਾਜ ਦਾ ਹਰ ਵਰਗ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬੇਹੱਦ ਦੁਖੀ ਹੈ। ਦਿੱਲੀ ਦੇ ਲੋਕ ਪੁੱਛ ਰਹੇ ਹਨ ਕਿ ਭਾਜਪਾ ਆਪਣੇ ਕੰਮ ਦੇ ਆਧਾਰ ’ਤੇ ਵੋਟਾਂ ਮੰਗਣ ਦੀ ਬਜਾਏ ਇੱਕ ਕਾਰਜਕਾਰੀ ਮੁੱਖ ਮੰਤਰੀ ਨੂੰ ਚੁੱਕ ਕੇ ਜੇਲ੍ਹ ਵਿੱਚ ਕਿਉਂ ਸੁੱਟਦੀ ਹੈ। ਸ਼ੈਲੀ ਓਬਰਾਏ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੜ੍ਹੀ-ਲਿਖੀ ਪਾਰਟੀ ਹੈ। ਅਸੀਂ ਵਾਕਾਥਨ ਰਾਹੀਂ ਦਿੱਲੀ ਦੇ ਵੋਟਰਾਂ ਨਾਲ ਉਨ੍ਹਾਂ ਦੀ ਵੋਟ ਦੀ ਤਾਕਤ ਬਾਰੇ ਗੱਲ ਕਰ ਰਹੇ ਹਾਂ। ਦੁਰਗੇਸ਼ ਪਾਠਕ ਨੇ ਕਿਹਾ ਕਿ ਜਦੋਂ ਤੋਂ ਪ੍ਰਧਾਨ ਮੰਤਰੀ ਮੋਦੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਝੂਠਾ ਕੇਸ ਦਰਜ ਕੀਤਾ ਹੈ, ਉਦੋਂ ਤੋਂ ਹਰ ਪਾਸੇ ਲੋਕ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਕਈ ਥਾਵਾਂ ’ਤੇ ਰੈਲੀਆਂ ਹੋ ਰਹੀਆਂ ਹਨ ਅਤੇ ਕਈ ਥਾਵਾਂ ’ਤੇ ਲੋਕ ਸੜਕਾਂ ‘ਤੇ ਨਿਕਲ ਰਹੇ ਹਨ।