ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਮਈ
ਦਿੱਲੀ ਐੱਨਸੀਆਰ ਦੇ ਕਈ ਇਲਾਕਿਆਂ ਵਿੱਚ ਹਲਕਾ ਮੀਂਹ ਪੈਣ ਨਾਲ ਅਤਿ ਦੀ ਗਰਮੀ ਤੋਂ ਕੁੱਝ ਰਾਹਤ ਮਿਲੀ ਹੈ ਤੇ ਇਸ ਇਲਾਕੇ ’ਚ ਸ਼ਾਮ 4 ਵਜੇ ਤੋਂ ਬਾਅਦ ਕਾਲੇ ਬੱਦਲ ਛਾ ਗਏ। ਦਿੱਲੀ ਤੇ ਗੁਰੂਗ੍ਰਾਮ ਦੇ ਕਈ ਇਲਾਕਿਆਂ ਵਿੱਚ ਹਲਕਾ ਮੀਂਹ ਪਿਆ ਤੇ ਫਰੀਦਾਬਾਦ, ਗਾਜ਼ੀਆਬਾਦ, ਨੋਇਡਾ ਦੇ ਅਸਮਾਨ ਉਪਰ ਬੱਦਲ ਛਾਏ ਰਹੇ। ਮੌਸਮ ਮਹਿਕਮੇ ਵੱਲੋਂ ਦੱਸਿਆ ਗਿਆ ਕਿ ਐੱਨਸੀਆਰ ਦੇ ਇਲਾਕੇ ਵਿੱਚ 20 ਤੋਂ 30 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਦੇਰ ਸ਼ਾਮ ਚੱਲੀਆਂ। ਅਸਮਾਨ ਉਪਰ ਕਿਤੇ-ਕਿਤੇ ਬੱਦਲ ਛਾਏ ਰਹਿਣ ਕਰਕੇ ਦਿਨ ਵਿੱਚ ਤੇਜ਼ ਧੁੱਪ ਤੋਂ ਰਾਹਤ ਮਿਲੀ। ਮੌਸਮ ਮਹਿਕਮੇ ਨੇ ਦੱਸਿਆ ਕਿ ਮੌਸਮ ਦੀ ਇਹ ਤਬਦੀਲੀ ਸ਼ਨਿੱਚਰਵਾਰ ਨੂੰ ਵੀ ਜਾਰੀ ਰਹੇਗੀ ਤੇ ਹਵਾਵਾਂ ਵਗਣਗੀਆਂ। ਘੱਟੋ-ਘੱਟ ਤਾਪਮਾਨ 29 ਡਿਗਰੀ ਦੇ ਆਸ-ਪਾਸ ਦੇਖਿਆ ਗਿਆ ਤੇ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਦੇ ਕਰੀਬ ਰਿਹਾ।