ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਦਸੰਬਰ
ਛੇ ਦਿਨਾਂ ਤੱਕ ‘ਗੰਭੀਰ’ ਸ਼੍ਰੇਣੀ ਵਿੱਚ ਰਹਿਣ ਤੋਂ ਬਾਅਦ ਇੱਕ ਦਿਨ ਪਹਿਲਾਂ ਪਏ ਮੀਂਹ ਤੋਂ ਬਾਅਦ ਅੱਜ ਦਿੱਲੀ ਦੀ ਹਵਾ ਵਿੱਚ ਸੁਧਾਰ ਹੋਇਆ ਹੈ। ਵੱਧ ਤੋਂ ਵੱਧ ਤਾਪਮਾਨ 22.6 ਡਿਗਰੀ ਸੈਲਸੀਅਸ ਰਿਹਾ, ਜੋ ਸੀਜ਼ਨ ਦੇ ਔਸਤ ਤਾਪਮਾਨ ਨਾਲੋਂ ਦੋ ਡਿਗਰੀ ਵੱਧ ਹੈ। ਦਿੱਲੀ ਦਾ 24 ਘੰਟੇ ਦਾ ਏਅਰ ਕੁਆਲਿਟੀ ਇੰਡੈਕਸ ਸ਼ਾਮ ਚਾਰ ਵਜੇ 283 ਸੀ। ਇਸ ਦੇ ਗੁਆਂਢੀ ਸ਼ਹਿਰਾਂ ਫਰੀਦਾਬਾਦ (260), ਗਾਜ਼ੀਆਬਾਦ (212), ਗੁਰੂਗ੍ਰਾਮ (250), ਗ੍ਰੇਟਰ ਨੋਇਡਾ (242) ਅਤੇ ਨੋਇਡਾ (226) ਵਿੱਚ ਇੰਡੈਕਸ ‘ਮਾੜੀ’ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ। ਹਵਾ ਦੀ ਗੁਣਵੱਤਾ ਦੱਸਣ ਵਾਲੀ ਏਜੰਸੀ ਨੇ ਕਿਹਾ ਕਿ ਬੀਤੀ ਰਾਤ ਪਏ ਮੀਂਹ ਕਾਰਨ ਅੱਜ ਹਵਾ ਵਿੱਚ ਸੁਧਾਰ ਹੋਇਆ। ਏਜੰਸੀ ਨੇ ਕਿਹਾ ਕਿ ਮੰਗਲਵਾਰ ਨੂੰ ਹਵਾ ਘਟ ਚੱਲਣ ਦੀ ਸੰਭਾਵਨਾ ਹੈ, ਜਿਸ ਨਾਲ ਪ੍ਰਦੂਸ਼ਕਾਂ ਦੀ ਹਵਾਦਾਰੀ ਘਟਦੀ ਹੈ। ਏਅਰ ਕੁਆਲਿਟੀ ਇੰਡੈਕਸ ਦੇ ‘ਬਹੁਤ ਮਾੜਾ’ ਰਹਿਣ ਦੀ ਉਮੀਦ ਹੈ। 31 ਦਸੰਬਰ ਤੱਕ ‘ਬਹੁਤ ਮਾੜਾ’ ਤੇ 1 ਜਨਵਰੀ ਤੋਂ ਬਾਅਦ ਇਸ ਦੇ ‘ਮਾੜੇ’ ਵਿੱਚ ਸੁਧਾਰਨ ਦੀ ਸੰਭਾਵਨਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਬੀਤੀ ਸ਼ਾਮ ਇੰਡੈਕਸ ‘ਗੰਭੀਰ’ ਸ਼੍ਰੇਣੀ ਵਿੱਚ 459 ਦਰਜ ਕੀਤਾ ਗਿਆ ਸੀ। ਅੱਜ ਸਵੇਰੇ ਇਹ 373 ਸੀ। ਸੂਚਕ ਅੰਕ 0 ਤੋਂ 50 ਤੱਕ ‘ਚੰਗਾ’, 51 ਤੋਂ 100 ‘ਤਸੱਲੀਬਖਸ਼’, 101 ਤੋਂ 200 ‘ਦਰਮਿਆਨ’, 201 ਤੋਂ 300 ‘ਮਾੜਾ’, 301 ਤੋਂ 400 ‘ਬਹੁਤ ਮਾੜਾ’ ਤੇ 401 ਤੋਂ 500 ਵਿੱਚ ‘ਗੰਭੀਰ’ ਮੰਨਿਆ ਜਾਂਦਾ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਸਵੇਰੇ 8.30 ਵਜੇ ਹਵਾ ’ਚ ਨਮੀ ਦਾ ਪੱਧਰ 90 ਫੀਸਦੀ ਦਰਜ ਕੀਤਾ ਗਿਆ। ਸੋਮਵਾਰ ਨੂੰ ਆਮ ਤੌਰ ’ਤੇ ਬੱਦਲਵਾਈ ਵਾਲੇ ਅਸਮਾਨ ਤੇ ਬਹੁਤ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਸੀ। ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਸੈਲਸੀਅਸ ਦੇ ਆਸਪਾਸ ਸੀ। ਐਤਵਾਰ ਨੂੰ ਘੱਟੋ-ਘੱਟ ਤਾਪਮਾਨ 9.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।