ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 30 ਜੁਲਾਈ
ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਐਸਕੇਵੀ, ਸ਼ੰਕਰ ਨਗਰ ਵਿੱਚ ਅਧਿਆਪਕਾਂ ਅਤੇ ਮਾਪਿਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਜਾਰੀ ਕੀਤੀ ਅਰਧ-ਆਨਲਾਈਨ ਸਿੱਖਿਆ ਦੀ ਸਮੀਖਿਆ ਕੀਤੀ ਤੇ ਇਸ ਵਿੱਚ ਸੁਧਾਰ ਲਈ ਸੁਝਾਅ ਮੰਗੇ। ਗੱਲਬਾਤ ਵਿਚ ਬਹੁਤੇ ਮਾਪਿਆਂ ਲਈ ਆਨਲਾਈਨ ਸਿੱਖਿਆ ਨੂੰ ਬਹੁਤ ਲਾਭਦਾਇਕ ਦੱਸਦੇ ਹੋਏ ਅਧਿਆਪਕਾਂ ਨੇ ਕਿਹਾ ਕਿ ਬੱਚਿਆਂ ਨੂੰ ਚੰਗੀ ਸੇਧ ਦਿੱਤੀ ਗਈ। ਸ੍ਰੀ ਸਿਸੋਦੀਆ ਨੇ ਕਿਹਾ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਨੇ ਇਸ ਵਾਰ 98 ਫ਼ੀਸਦੀ ਨਤੀਜੇ ਲਿਆ ਕੇ ਇਤਿਹਾਸ ਰਚਿਆ ਹੈ। ਪੰਜ ਸਾਲ ਪਹਿਲਾਂ,ਜਦੋਂ 88 ਫ਼ੀਸਦੀ ਨਤੀਜੇ ਆਏ ਸਨ ਸਾਡੇ ਕੋਲ 90 ਫ਼ੀਸਦੀ ਦਾ ਟੀਚਾ ਸੀ, ਅੱਜ ਨਤੀਜਾ 98 ਫ਼ੀਸਦ ਤੱਕ ਪਹੁੰਚ ਗਿਆ ਪਰ ਆਓ ਅਸੀਂ ਖ਼ੁਸ਼ ਨਾ ਹੋਈਏ ਅੱਗੇ ਵਧਣ ਬਾਰੇ ਸੋਚੀਏ। ਉਨ੍ਹਾਂ ਕਿਹਾ ਕਿ ਜੇ ਕੁਝ ਚੰਗਾ ਹੁੰਦਾ ਹੈ ਤਾਂ ਸਾਨੂੰ ਖੁਸ਼ ਹੋਣਾ ਚਾਹੀਦਾ ਹੈ ਪਰ ਹਮੇਸ਼ਾ ਅੱਗੇ ਸੋਚਣਾ ਚਾਹੀਦਾ ਹੈ। ਇਸ ਸਫ਼ਲਤਾ ਦਾ ਸਿਹਰਾ ਮਾਪਿਆਂ ਤੇ ਅਧਿਆਪਕਾਂ ਨੂੰ ਦਿੰਦੇ ਹੋਏ ਸ੍ਰੀ ਸਿਸੋਦੀਆ ਨੇ ਕਿਹਾ ਕਿ ਸਰਕਾਰ ਨੇ ਸਿਰਫ ਸਹੂਲਤ ਵਿੱਚ ਵਾਧਾ ਕੀਤਾ ਹੈ ਤੁਸੀਂ ਸਖਤ ਮਿਹਨਤ ਕੀਤੀ ਹੈ। ਸ੍ਰੀ ਸਿਸੋਦੀਆ ਨੇ ਕਿਹਾ ਕਿ ਜਿਨ੍ਹਾਂ ਬੱਚਿਆਂ ਕੋਲ ਆਨਲਾਈਨ ਸਰੋਤ ਨਹੀਂ ਹਨ ਉਨ੍ਹਾਂ ਲਈ ਸਕੂਲ ਵਿੱਚ ਅਰਧ-ਆਨਲਾਈਨ ਦਾ ਪ੍ਰਬੰਧ ਕਰਕੇ ਸਮੱਗਰੀ ਦਿੱਤੀ ਗਈ ਸੀ, ਫੋਨ ਰਾਹੀਂ ਸੰਪਰਕ ਕੀਤਾ ਗਿਆ ਸੀ। ਜੇ ਕਿਸੇ ਬੱਚੇ ਨੂੰ ਆਨਲਾਈਨ ਦੀ ਸਹੂਲਤ ਨਹੀਂ ਸੀ ਤਾਂ ਇਕ ਅਧਿਆਪਕ ਨੇ ਗੁਆਂਢੀ ਦੇ ਬੱਚੇ ਨੂੰ ਉਸ ਦੀ ਮਦਦ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਸਕੂਲ ਦਾ ਕੋਈ ਬਦਲ ਨਹੀਂ ਹੈ। ਇਸ ਲਈ ਅਸੀਂ ਚਾਹੁੰਦੇ ਹਾਂ ਕਿ ਸਕੂਲ ਜਿੰਨੀ ਜਲਦੀ ਹੋ ਸਕੇ ਖੋਲ੍ਹਿਆ ਜਾਵੇ। ਸੰਵਾਦ ਦੌਰਾਨ ਅਧਿਆਪਕਾਂ ਅਤੇ ਮਾਪਿਆਂ ਨੇ ਆਪਣੇ ਤਜਰਬੇ ਵਿਸਥਾਰ ਨਾਲ ਸਾਂਝੇ ਕੀਤੇ। ਮਾਪਿਆਂ ਨੇ ਕਿਹਾ ਕਿ ਬੱਚੇ ਇਸ ਸਿੱਖਿਆ ਦਾ ਬਹੁਤ ਅਨੰਦ ਲੈ ਰਹੇ ਹਨ। ਸਕੂਲ ਅਧਿਆਪਕਾਂ ਨੇ ਬੱਚਿਆਂ ’ਤੇ ਸਖਤ ਮਿਹਨਤ ਕੀਤੀ ਹੈ ਤੇ ਬੱਚਿਆਂ ਨੂੰ ਸਿੱਖਣ ਦਾ ਇੱਕ ਚੰਗਾ ਮੌਕਾ ਮਿਲ ਰਿਹਾ ਹੈ। ਅਧਿਆਪਕਾਂ ਨੇ ਕਿਹਾ ਕਿ ਹੁਣ ਤੱਕ ਉਹ ਸਿਰਫ ਬੱਚਿਆਂ ਨਾਲ ਜੁੜੇ ਰਹਿੰਦੇ ਸੀ ਪਰ ਹੁਣ ਮਾਪਿਆਂ ਨਾਲ ਵੀ ਜੁੜਨ ਦਾ ਮੌਕਾ ਹੈ। ਇਹ ਚੀਜ਼ ਪੀਟੀਐਮ ਵਿਚ ਇੰਨੀ ਚੰਗੀ ਨਹੀਂ ਹੋ ਸਕਦੀ। ਸੰਵਾਦ ਦੌਰਾਨ ਸਮਾਜਿਕ ਦੂਰੀਆਂ ਦੇ ਨਿਯਮਾਂ ਦਾ ਪੂਰਾ ਧਿਆਨ ਰੱਖਿਆ ਗਿਆ ਸੀ।