ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 19 ਅਗਸਤ
ਭਾਜਪਾ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਅਤੇ ਸੰਸਦ ਮੈਂਬਰ ਡਾ. ਹਰਸ਼ਵਰਧਨ ਨੇ ਕੇਜਰੀਵਾਲ ਸਰਕਾਰ ਨੂੰ ਲੁਟੇਰੀ ਸਰਕਾਰ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਇਸ ਸਰਕਾਰ ਨੇ ਆਬਕਾਰੀ ਨੀਤੀ ਰਾਹੀਂ ਕਰੋੜਾਂ ਰੁਪਏ ਦਾ ਘਪਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਪ੍ਰਚਾਰ ਦੇ ਆਧਾਰ ‘ਤੇ ਜਨਤਾ ਦਾ ਪੈਸਾ ਬੇਲੋੜਾ ਖਰਚ ਕਰਕੇ ਸੇਵਾ ਕਰਨ ਦੀ ਝੂਠੀ ਖੇਡ ਖੇਡ ਰਹੀ ਹੈ ਪਰ ਕੇਜਰੀਵਾਲ ਨੂੰ ਹੁਣ ਨੈਤਿਕ ਆਧਾਰ ‘ਤੇ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਦਾ ਅਸਤੀਫ਼ਾ ਲੈ ਲੈਣਾ ਚਾਹੀਦਾ ਹੈ। ਉਹ ਇੱਥੇ ਆਬਕਾਰੀ ਨੀਤੀ ਦੀ ਜਾਂਚ ਸਬੰਧੀ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਮਾਰੇ ਗਏ ਛਾਪਿਆਂ ਸਬੰਧੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਆਦੇਸ਼ ਗੁਪਤਾ ਤੇ ਡਾ. ਹਰਸ਼ਵਰਧਨ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਵੱਲੋਂ ਕੀਤੇ ਗਏ ਵੱਡੇ ਭ੍ਰਿਸ਼ਟਾਚਾਰ ਕਾਰਨ ਦੇਸ਼ ਵਾਸੀਆਂ ਦੀਆਂ ਅੱਖਾਂ ਖੁੱਲ੍ਹ ਗਈਆਂ ਹਨ। ਕੇਜਰੀਵਾਲ ਸਰਕਾਰ ਨੇ ਕੂੜ ਪ੍ਰਚਾਰ ਦੇ ਆਧਾਰ ‘ਤੇ ਆਪਣੀਆਂ ਨੀਤੀਆਂ ਨੂੰ ਦੇਸ਼ ਭਰ ‘ਚ ਫੈਲਾ ਕੇ ਅਤੇ ਲੋਕਾਂ ਨੂੰ ਗੁਮਰਾਹ ਕਰਕੇ ਜਿਸ ਤਰ੍ਹਾਂ ਦਾ ਮਾਹੌਲ ਬਣਾਇਆ ਸੀ, ਉਸ ਦਾ ਸੱਚ ਹੁਣ ਲੋਕਾਂ ਦੇ ਸਾਹਮਣੇ ਆ ਗਿਆ ਹੈ। ਸ੍ਰੀ ਗੁਪਤਾ ਨੇ ਕਿਹਾ ਕਿ ਨਵੀਂ ਆਬਕਾਰੀ ਨੀਤੀ ਨੂੰ ਪੇਸ਼ ਕਰਦਿਆਂ ਮਨੀਸ਼ ਸਿਸੋਦੀਆ ਨੇ ਦਾਅਵਾ ਕੀਤਾ ਸੀ ਕਿ ਇਸ ਨਾਲ ਦਿੱਲੀ ਸਰਕਾਰ ਦਾ ਮਾਲੀਆ ਵਧੇਗਾ ਪਰ ਸੀਬੀਆਈ ਨੂੰ ਨੀਤੀ ਦੀ ਜਾਂਚ ਸੌਂਪਣ ਦੇ ਨਾਲ ਹੀ ਉਨ੍ਹਾਂ ਨੇ ਇਸ ਨੀਤੀ ਨੂੰ ਘਾਟੇ ਦਾ ਸੌਦਾ ਕਹਿਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਕੋਵਿਡ ਦੌਰਾਨ ਇਹ ਨੀਤੀ ਬਣਾਈ ਗਈ ਸੀ ਅਤੇ ਇਸ ਲਈ ਸ਼ਰਾਬ ਮਾਫੀਆ ਨਾਲ ਸੌਦੇਬਾਜ਼ੀ ਕੀਤੀ ਗਈ ਸੀ ਜਿਸ ਤਹਿਤ ਪੰਜਾਬ ਚੋਣਾਂ ਵਿੱਚ ਮਾਫੀਆ ਨੇ ਆਮ ਆਦਮੀ ਪਾਰਟੀ ਨੂੰ ਫਾਇਦਾ ਪਹੁੰਚਾਇਆ ਸੀ। ਭਾਜਪਾ ਪ੍ਰਧਾਨ ਨੇ ਕਿਹਾ ਕਿ ਹੁਣ ਮਨੀਸ਼ ਸਿਸੋਦੀਆ ਦੀ ਜੇਲ੍ਹ ਜਾਣ ਦੀ ਤਿਆਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੇਜਰੀਵਾਲ ਨੇ ਨਵੀਂ ਆਬਕਾਰੀ ਨੀਤੀ ਦਾ ਵਿਰੋਧ ਕਰਨ ਵਾਲੀਆਂ ਔਰਤਾਂ ਨੂੰ ਆਪਣੇ ਬਾਊਂਸਰਾਂ ਨਾਲ ਕੁੱਟਣ ਦਾ ਕੰਮ ਕੀਤਾ ਹੈ, ਅੱਜ ਉਨ੍ਹਾਂ ਸਾਰੀਆਂ ਔਰਤਾਂ ਦੀ ਜਿੱਤ ਹੋਈ ਹੈ, ਜਿਨ੍ਹਾਂ ਨੇ ਨਵੀਂ ਆਬਕਾਰੀ ਨੀਤੀ ਦਾ ਵਿਰੋਧ ਕੀਤਾ ਸੀ।
ਦਿੱਲੀ ਕਾਂਗਰਸ ਵੱਲੋਂ ਉਪ ਮੁੱਖ ਮੰਤਰੀ ਦੇ ਘਰ ਛਾਪੇ ਦਾ ਸਵਾਗਤ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਦੇ ਆਬਕਾਰੀ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ‘ਤੇ ਅੱਜ ਸੀ.ਬੀ.ਆਈ ਦਾ ਛਾਪਾ ਦਿੱਲੀ ਕਾਂਗਰਸ ਲਈ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿਉਂਕਿ ਜਿਸ ਦਿਨ ਤੋਂ ਨਵੀਂ ਸ਼ਰਾਬ ਨੀਤੀ ਲਾਗੂ ਹੋਈ ਹੈ, ਉਸ ਦਿਨ ਤੋਂ ਹੀ ਉਹ ਸ਼ਰਾਬ ਘੁਟਾਲੇ ਦੀ ਜਾਂਚ ਮੰਗ ਕਰ ਰਹੇ ਹਨ, ਕਿਉਂਕਿ ਸਿਸੋਦੀਆ ਨੇ ਇਸ ਕਥਿਤ ਘੁਟਾਲੇ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਸੀ.ਬੀ.ਆਈ ਵੱਲੋਂ ਸਿਸੋਦੀਆ ‘ਤੇ ਨਵੀਂ ਸ਼ਰਾਬ ਨੀਤੀ ਦੇ ਖਿਲਾਫ ਪਹਿਲਾਂ ਤੋਂ ਤੇਜ਼ ਕੀਤੀ ਗਈ ਛਾਪੇਮਾਰੀ ਕਾਂਗਰਸੀ ਵਰਕਰਾਂ ਦੇ ਅਥਾਹ ਰੋਸ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਦਿੱਲੀ ਕਾਂਗਰਸ ਨੇ ਪੁਲੀਸ ਕਮਿਸ਼ਨਰ ਅਤੇ ਉਪ ਰਾਜਪਾਲ ਨੂੰ ਸ਼ਿਕਾਇਤ ਕੀਤੀ ਸੀ ਕਿ ਉਹ ਇਸ ਘੁਟਾਲੇ ਦੇ ਸਬੰਧ ਵਿੱਚ ਸਹਾਇਕ ਸਬੂਤਾਂ ਦੇ ਨਾਲ ਸਿਸੋਦੀਆ ਦੇ ਭ੍ਰਿਸ਼ਟਾਚਾਰ ਅਤੇ ਭੂਮਿਕਾ ਦਾ ਪਤਾ ਲਗਾਉਣ ਅਤੇ ਸਿਸੋਦੀਆ ਦੇ ਘਰ ‘ਤੇ ਸੀਬੀਆਈ ਜਾਂਚ ਕਰਾਉਣ ਦੀ ਮੰਗ ਕੀਤੀ ਸੀ। ਕਾਂਗਰਸ ਆਗੂ ਨੇ ਕਿਹਾ ਕਿ ਉਨ੍ਹਾਂ ਨੇ ਦਿੱਲੀ ਨੂੰ ਨਸ਼ਿਆਂ ਦੀ ਰਾਜਧਾਨੀ ਬਣਾਉਣ ਲਈ ਅੰਨਾ ਹਜ਼ਾਰੇ ਨੂੰ ਪੱਤਰ ਲਿਖ ਕੇ ਕੇਜਰੀਵਾਲ ਨੂੰ ਸ਼ਰਾਬ ਦੇ ਇਸ ਖ਼ਤਰਨਾਕ ਕਾਰੋਬਾਰ ਨੂੰ ਰੋਕਣ ਲਈ ਦਬਾਅ ਬਣਾਉਣ ਲਈ ਕਿਹਾ ਸੀ।