ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਅਗਸਤ
ਸੀਬੀਆਈ ਨੂੰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਬੈਂਕ ਲਾਕਰ ਦੀ ਤਲਾਸ਼ੀ ਲੈਣ ’ਤੇ ਕੁਝ ਨਾ ਮਿਲਣ ਦੇ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਸਹਿਯੋਗੀ ਦੀ ਇਮਾਨਦਾਰੀ ਅਤੇ ਦੇਸ਼ ਭਗਤੀ ਸਾਬਤ ਹੁੰਦੀ ਹੈ। ਕੇਜਰੀਵਾਲ ਦੀ ਇਹ ਪ੍ਰਤੀਕਿਰਿਆ ਸੀਬੀਆਈ ਵੱਲੋਂ ਦਿੱਲੀ ਦੇ ਉਪ ਮੁੱਖ ਮੰਤਰੀ ਤੇ ਉਨ੍ਹਾਂ ਦੀ ਪਤਨੀ ਦੀ ਮੌਜੂਦਗੀ ਵਿੱਚ ਗਾਜ਼ੀਆਬਾਦ ਦੇ ਵਸੁੰਧਰਾ ਵਿੱਚ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਦੀ ਤਲਾਸ਼ੀ ਲੈਣ ਤੋਂ ਬਾਅਦ ਆਈ ਹੈ। ਕੇਜਰੀਵਾਲ ਨੇ ਹਿੰਦੀ ਵਿੱਚ ਟਵੀਟ ਕੀਤਾ, ‘ਇਹ ਸਪੱਸ਼ਟ ਹੈ ਕਿ ਸਾਰੀ ਕਾਰਵਾਈ ਗੰਦੀ ਰਾਜਨੀਤੀ ਤੋਂ ਸ਼ੁਰੂ ਕੀਤੀ ਗਈ ਸੀ। ਉਮੀਦ ਹੈ ਇਹ ਗੰਦੀ ਰਾਜਨੀਤੀ ਬੰਦ ਹੋ ਜਾਵੇਗੀ ਅਤੇ ਸਾਨੂੰ ਕੰਮ ਕਰਨ ਦਿੱਤਾ ਜਾਵੇਗਾ। ਮਨੀਸ਼ ਦੇ ਘਰ ਤੋਂ ਕੁਝ ਨਹੀਂ ਮਿਲਿਆ, ਉਸ ਦੇ ਲਾਕਰ ਤੋਂ ਕੁਝ ਨਹੀਂ ਮਿਲਿਆ। ਮਨੀਸ਼ ਦੀ ਇਮਾਨਦਾਰੀ ਤੇ ਦੇਸ਼ ਭਗਤੀ ਪੂਰੇ ਦੇਸ਼ ਦੇ ਸਾਹਮਣੇ ਸਾਬਤ ਹੋਈ ਹੈ।’
ਸਿਸੋਦੀਆ ਨੇ ਦਾਅਵਾ ਕੀਤਾ ਕਿ ਕੇਂਦਰੀ ਜਾਂਚ ਏਜੰਸੀ ਨੇ ਉਸ ਦੇ ਲਾਕਰ ਦੀ ਤਲਾਸ਼ੀ ਲੈਣ ਤੋਂ ਬਾਅਦ ਉਸ ਨੂੰ ‘ਕਲੀਨ ਚਿੱਟ’ ਦੇ ਦਿੱਤੀ ਹੈ। ਸੀਬੀਆਈ ਦੀ ਤਲਾਸ਼ੀ ਪੂਰੀ ਕਰਨ ਤੋਂ ਬਾਅਦ ਸਿਸੋਦੀਆ ਨੇ ਪੱਤਰਕਾਰਾਂ ਨੂੰ ਕਿਹਾ, ‘ਮੈਨੂੰ ਖੁਸ਼ੀ ਹੈ ਕਿ ਮੈਨੂੰ ਅੱਜ ਤਲਾਸ਼ੀ ਦੌਰਾਨ ਸੀਬੀਆਈ ਤੋਂ ਕਲੀਨ ਚਿੱਟ ਮਿਲ ਗਈ ਹੈ। ਉਨ੍ਹਾਂ ਨੂੰ ਮੇਰੇ ਲਾਕਰ ਜਾਂ ਰਿਹਾਇਸ਼ ਦੀ ਤਲਾਸ਼ੀ ਤੋਂ ਕੁਝ ਵੀ (ਦੋਸ਼) ਨਹੀਂ ਮਿਲਿਆ ਹੈ। ਲਾਕਰ ਵਿੱਚ ਮੇਰੇ ਬੱਚਿਆਂ ਅਤੇ ਪਤਨੀ ਦੇ ਕਰੀਬ 70,000 ਰੁਪਏ ਦੇ ਗਹਿਣੇ ਹਨ। ਮੈਨੂੰ ਖੁਸ਼ੀ ਹੈ ਕਿ ਪ੍ਰਧਾਨ ਮੰਤਰੀ ਨੇ ਮੇਰੇ ਘਰ ਛਾਪਾ ਮਰਵਾਇਆ, ਪਰ ਕੁਝ ਨਹੀਂ ਮਿਲਿਆ।