ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਅਗਸਤ
ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਸੌਰਭ ਭਾਰਦਵਾਜ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਭਾਜਪਾ ਦੇ ‘ਆਪਰੇਸ਼ਨ ਲੋਟਸ’ ਨੂੰ 2014 ਤੋਂ ਬਾਅਦ 2022 ’ਚ ਦੂਜੀ ਵਾਰ ਫੇਲ੍ਹ ਕੀਤਾ ਹੈ। ਭਾਜਪਾ ਨੇ 2014 ਵਿੱਚ ‘ਆਪ’ ਦੇ ਵਿਧਾਇਕਾਂ ਨੂੰ 5-5 ਕਰੋੜ ਰੁਪਏ ਦੀ ਪੇਸ਼ਕਸ਼ ਸਬੰਧੀ ਸਟਿੰਗ ਕਰਕੇ ਅਪਰੇਸ਼ਨ ਲੋਟਸ ਨੂੰ ਨਾਕਾਮ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪਾਰਟੀ ਆਗੂ ਮਨੀਸ਼ ਸਿਸੋਦੀਆ ਨੂੰ ਦਿੱਲੀ ’ਚ ਅਪਰੇਸ਼ਨ ਲੋਟਸ ਤਹਿਤ ਨਿਸ਼ਾਨਾ ਬਣਾਇਆ ਗਿਆ। ਪਹਿਲਾਂ ਸਕੂਲਾਂ ਦੀਆਂ ਜਮਾਤਾਂ ਬਣਾਉਣ ਵਿੱਚ ਗੜਬੜੀ ਦੀ ਮੁਹਿੰਮ ਚਲਾਈ ਗਈ, ਫਿਰ ਆਬਕਾਰੀ ਨੀਤੀ ਵਿੱਚ ਜਾਅਲੀ ਗੜਬੜੀ ਦੇ ਦੋਸ਼ ਲਾਏ ਗਏ। ਜਦੋਂ ਸੀਬੀਆਈ ਦੇ ਛਾਪੇ ਵਿੱਚ ਕੁਝ ਨਹੀਂ ਮਿਲਿਆ ਤਾਂ ਮਨੀਸ਼ ਸਿਸੋਦੀਆ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਗਈ। ਮੱਧ ਪ੍ਰਦੇਸ਼, ਗੋਆ, ਕਰਨਾਟਕ ਤੋਂ ਬਾਅਦ ਭਾਜਪਾ ਨੇ ਪਿਛਲੇ ਮਹੀਨੇ ਮਹਾਰਾਸ਼ਟਰ ’ਚ ਸ਼ਿਵ ਸੈਨਾ ਤੋਂ ਵਿਧਾਇਕ ਤੋੜ ਕੇ ਸਰਕਾਰ ਬਣਾਈ। ਪਾਰਟੀ ਦੇ ਮੁੱਖ ਬੁਲਾਰੇ ਤੇ ਵਿਧਾਇਕ ਸੌਰਭ ਭਾਰਦਵਾਜ ਨੇ ਪਾਰਟੀ ਹੈੱਡਕੁਆਰਟਰ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਰਾਜਨੀਤੀ ਦੇ ਸ਼ਬਦਕੋਸ਼ ਵਿੱਚ ਅਪਰੇਸ਼ਨ ਲੋਟਸ ਸ਼ਬਦ ਨੂੰ ਭਾਰਤੀ ਜਨਤਾ ਪਾਰਟੀ ਨੇ ਹੀ ਤਿਆਰ ਕੀਤਾ ਹੈ। ਪ੍ਰਧਾਨ ਮੰਤਰੀ ਤੋਂ ਲੈ ਕੇ ਗ੍ਰਹਿ ਮੰਤਰੀ ਤੇ ਕੇਂਦਰੀ ਮੰਤਰੀ ਤੱਕ ਹਰ ਸੂਬੇ ਵਿੱਚ ਜਾ ਕੇ ਪ੍ਰਚਾਰ ਕਰਦੇ ਹਨ। ਚਾਹੇ ਉਹ ਦਿੱਲੀ ਵਰਗਾ ਛੋਟਾ ਰਾਜ ਹੋਵੇ ਜਾਂ ਪੱਛਮੀ ਬੰਗਾਲ ਵਰਗਾ ਵੱਡਾ ਸੂਬਾ। ਉਸ ਸੂਬੇ ਦੇ ਲੋਕ ਭਾਜਪਾ ਨੂੰ ਨਕਾਰ ਕੇ ਕਿਸੇ ਹੋਰ ਪਾਰਟੀ ਨੂੰ ਚੁਣਦੇ ਹਨ। ਫਿਰ ਭਾਜਪਾ ਵੱਲੋਂ ਜਨਤਾ ਦੇ ਫ਼ੈਸਲੇ ਵਿਰੁੱਧ ਸਾਜ਼ਿਸ਼ ਸ਼ੁਰੂ ਹੋ ਜਾਂਦੀ ਹੈ। ਉਹ ਸਾਜ਼ਿਸ਼ ਭਾਜਪਾ ਦੇ ਕੇਂਦਰੀ ਹੈੱਡਕੁਆਰਟਰ ਤੋਂ ਸ਼ੁਰੂ ਹੁੰਦੀ ਹੈ, ਉਸ ਸਾਜ਼ਿਸ਼ ਦਾ ਨਾਂ ‘ਅਪਰੇਸ਼ਨ ਲੋਟਸ’ ਹੈ। ਮੱਧ ਪ੍ਰਦੇਸ਼, ਗੋਆ, ਕਰਨਾਟਕ, ਅਰੁਣਾਚਲ ਵਿੱਚ ਭਾਰਤੀ ਜਨਤਾ ਪਾਰਟੀ ਨੇ ਵਿਰੋਧੀ ਪਾਰਟੀ ਦੇ ਵਿਧਾਇਕਾਂ ਨੂੰ ਤੋੜ ਕੇ ਆਪਣੀ ਸਰਕਾਰ ਬਣਾਈ ਅਤੇ ਲੋਕਾਂ ਨਾਲ ਧੋਖਾ ਕੀਤਾ। ਹਾਲ ਹੀ ਵਿੱਚ ਭਾਜਪਾ ਨੇ ਸਭ ਤੋਂ ਪਹਿਲਾਂ ਮਹਾਰਾਸ਼ਟਰ ਵਿੱਚ ਅਜੀਤ ਪਵਾਰ ਨਾਲ ਇਹ ਪ੍ਰੋਗਰਾਮ ਸ਼ੁਰੂ ਕੀਤਾ। ਇੱਕ ਦਿਨ ਵਿੱਚ ਹੀ ਅਜੀਤ ਪਵਾਰ ਦੇ 6 ਕੇਸ ਰੱਦ ਕਰ ਦਿੱਤੇ ਗਏ। ਅਪਰੇਸ਼ਨ ਅਸਫਲ ਰਿਹਾ ਪਰ ਭਾਜਪਾ ਲੱਗੀ ਰਹੀ। ਆਖਰਕਾਰ ਲੋਕਾਂ ਦੁਆਰਾ ਚੁਣੀ ਗਈ ਸ਼ਿਵ ਸੈਨਾ ਸਰਕਾਰ ਡੇਗ ਦਿੱਤੀ ਗਈ।