ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਮਾਰਚ
ਦਿੱਲੀ ਦੇ ਆਸ਼ਰਮ ਚੌਕ ਵਿੱਚ ਚੱਲ ਰਹੇ ਅੰਡਰਪਾਸ ਦੀ ਉਸਾਰੀ ਦਾ ਕੰਮ ਹੁਣ ਅੰਤਿਮ ਪੜਾਅ ’ਤੇ ਹੈ ਜੋ ਕਿ 15 ਦਿਨਾਂ ਵਿੱਚ ਮੁਕੰਮਲ ਹੋ ਜਾਵੇਗਾ ਤੇ ਇਸ ਅੰਡਰਪਾਸ ਨੂੰ 22 ਮਾਰਚ ਤੋਂ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇਗਾ| ਇਹ ਪ੍ਰਗਟਾਵਾ ਕਰਦਿਆਂ ਸੋਮਵਾਰ ਨੂੰ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਅੰਡਰਪਾਸ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਉਪ ਮੁੱਖ ਮੰਤਰੀ ਨੇ ਨਿਰਮਾਣ ਅਧੀਨ ਆਸ਼ਰਮ ਫਲਾਈਓਵਰ ਅਤੇ ਪ੍ਰਗਤੀ ਮੈਦਾਨ ਨੇੜੇ ਬਣਾਏ ਜਾ ਰਹੇ ਅੰਡਰਪਾਸ ਦੇ ਨਿਰਮਾਣ ਕਾਰਜਾਂ ਦਾ ਵੀ ਜਾਇਜ਼ਾ ਲਿਆ। ਇਸ ਮੌਕੇ ਸ੍ਰੀ ਸਿਸੋਦੀਆ ਨੇ ਕਿਹਾ ਕਿ ਪਿਛਲੇ ਸਾਲ ਕਰੋਨਾ, ਲੌਕਡਾਊਨ ਕਾਰਨ ਆਸ਼ਰਮ ਅੰਡਰਪਾਸ ਦੇ ਨਿਰਮਾਣ ਕਾਰਜ ਨੂੰ ਕਈ ਵਾਰ ਰੋਕਣਾ ਪਿਆ ਸੀ। ਉਨ੍ਹਾਂ ਕਿਹਾ ਕਿ 22 ਮਾਰਚ ਤੋਂ ਇਹ ਅੰਡਰਪਾਸ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇਗਾ, ਜਿਸ ਦਾ ਰੋਜ਼ਾਨਾ ਲੱਖਾਂ ਲੋਕਾਂ ਨੂੰ ਲਾਭ ਹੋਵੇਗਾ। ਲੋਕ ਨਿਰਮਾਣ ਮੰਤਰੀ ਨੇ ਅਧਿਕਾਰੀਆਂ ਨਾਲ ਆਸ਼ਰਮ ਫਲਾਈਓਵਰ ਅਤੇ ਪ੍ਰਗਤੀ ਮੈਦਾਨ ਤੋਂ ਨਿਜ਼ਾਮੂਦੀਨ ਵਿਚਕਾਰ ਚੱਲ ਰਹੇ ਅੰਡਰਪਾਸ ਦੇ ਨਿਰਮਾਣ ਕਾਰਜਾਂ ਦਾ ਵੀ ਜਾਇਜ਼ਾ ਲਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਨਿਰਮਾਣ ਕਾਰਜਾਂ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਆਸ਼ਰਮ ਫਲਾਈਓਵਰ ਦੀ ਉਸਾਰੀ ਦਾ ਕੰਮ ਅਗਸਤ ਤੱਕ ਮੁਕੰਮਲ ਕਰ ਲਿਆ ਜਾਵੇਗਾ ਅਤੇ ਦਿੱਲੀ ਸਰਕਾਰ ਅਤੇ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਬਣ ਰਹੇ ਪ੍ਰਗਤੀ ਮੈਦਾਨ ਅੰਡਰਪਾਸ ਦਾ ਕੰਮ ਮਈ ਮਹੀਨੇ ਤੱਕ ਮੁਕੰਮਲ ਕਰ ਲਿਆ ਜਾਵੇਗਾ।
ਸਰਕਾਰੀ ਸਕੂਲ ਵਿੱਚ ਸਿਹਤ ਕਲੀਨਿਕ ਦਾ ਉਦਘਾਟਨ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇੱਥੋਂ ਦੇ ਮੋਤੀ ਬਾਗ ਸਥਿਤ ਦਿੱਲੀ ਦੇ ਇੱਕ ਸਰਕਾਰੀ ਸਕੂਲ ਵਿੱਚ ਸਿਹਤ ਕਲੀਨਿਕ ਦਾ ਉਦਘਾਟਨ ਕੀਤਾ ਜੋ ਵਿਦਿਆਰਥੀਆਂ ਦੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ’ਤੇ ਧਿਆਨ ਕੇਂਦਰਿਤ ਕਰੇਗਾ। ਇਸ ਜ਼ਰੀਏ ਬੱਚਿਆਂ ਦੀ ਮਾਨਸਿਕ ਤੰਦਰੁਸਤੀ ਨਾਲ ਸਬੰਧਤ ਮੁੱਦਿਆਂ ਨੂੰ ਹੱਲ ਕਰਨ ਦੇ ਗੁਰ ਦੱਸੇ ਜਾਣਗੇ। ਸਿਸੋਦੀਆ ਨੇ ਮੋਤੀ ਬਾਗ ਦੇ ਸਰਵੋਦਿਆ ਕੰਨਿਆ ਵਿਦਿਆਲਿਆ ਵਿਚ ਕਲੀਨਿਕ ਦੇ ਉਦਘਾਟਨ ਮੌਕੇ ਕਿਹਾ ਕਿ ਉਸ ਨੇ ਕਈ ਦੇਸ਼ਾਂ ਵਿੱਚ ਸਕੂਲ ਦੇਖੇ ਹਨ ਪਰ ਇਸ ਕਲੀਨਿਕ ਵਰਗਾ ਕਿਤੇ ਵੀ ਨਹੀਂ ਹੈ। ਇਥੇ ਹਰ ਛੇ ਮਹੀਨੇ ਬਾਅਦ ਵਿਦਿਆਰਥੀਆਂ ਦੀ ਸਿਹਤ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਹੈਲਥ ਕਲੀਨਿਕਾਂ ਦੀ ਸਥਾਪਨਾ ਦਿੱਲੀ ਸਰਕਾਰ ਦਾ ਇਸ ਦੇ ਪ੍ਰਮੁੱਖ ਮੁਹੱਲਾ ਕਲੀਨਿਕਾਂ ਦੀ ਤਰਜ਼ ’ਤੇ ਇੱਕ ਨਵਾਂ ਪ੍ਰਾਜੈਕਟ ਹੈ। ਹਰੇਕ ਹੈਲਥ ਕਲੀਨਿਕ ਵਿੱਚ ਇੱਕ ‘ਸਕੂਲ ਹੈਲਥ ਕਲੀਨਿਕ ਅਸਿਸਟੈਂਟ’ ਜਾਂ ਨਰਸ, ਇੱਕ ਮਨੋਵਿਗਿਆਨੀ ਤੇ ਇੱਕ ਮਲਟੀ-ਟਾਸਕ ਵਰਕਰ ਹੋਵੇਗਾ। ਹਰ ਪੰਜ ਕਲੀਨਿਕਾਂ ਲਈ ਇੱਕ ਡਾਕਟਰ ਉਪਲਬਧ ਹੋਵੇਗਾ ਜੋ ਹਫ਼ਤੇ ਵਿੱਚ ਇੱਕ ਵਾਰ ਹਰ ਇੱਕ ਕਲੀਨਿਕ ਦਾ ਦੌਰਾ ਕਰੇਗਾ।