ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਸਤੰਬਰ
ਕੇਜਰੀਵਾਲ ਸਰਕਾਰ ਵੱਲੋਂ ਮੁਕਰਬਾ ਚੌਕ ਤੋਂ ਹੈਦਰਪੁਰ ਬਾਦਲੀ ਮੈਟਰੋ ਦੇ ਰਸਤੇ ਨੂੰ ਜਾਮ ਮੁਕਤ ਕਰਨ ਅਤੇ ਇੱਥੇ ਆਵਾਜਾਈ ਦੀ ਸਹੂਲਤ ਲਈ ਤਿੰਨ ਨਵੇਂ ਅੰਡਰਪਾਸ ਬਣਾਏ ਜਾਣਗੇ। ਮੰਗਲਵਾਰ ਨੂੰ ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਲੋਕ ਨਿਰਮਾਣ ਮੰਤਰੀ ਮਨੀਸ਼ ਸਿਸੋਦੀਆ ਨੇ 59.50 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਜਾ ਰਹੇ ਇਨ੍ਹਾਂ ਅੰਡਰਪਾਸ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਸਿਸੋਦੀਆ ਨੇ ਕਿਹਾ ਕਿ ਸ਼ਾਲੀਮਾਰ ਬਾਗ ਵਿਧਾਨ ਸਭਾ ਵਿੱਚ ਇਹ ਤਿੰਨ ਅੰਡਰਪਾਸ ਬਣਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਤਿੰਨੋਂ ਅੰਡਰਪਾਸ ਇੱਕ ਸਾਲ ਦੇ ਅੰਦਰ-ਅੰਦਰ ਬਣ ਕੇ ਤਿਆਰ ਹੋ ਜਾਣਗੇ। ਇਸ ਤੋਂ ਬਾਅਦ ਆਊਟਰ ਰਿੰਗ ਰੋਡ ਤੋਂ ਸ਼ਾਲੀਮਾਰ ਬਾਗ ਜਾਣ ਵਾਲੇ ਜ਼ਾਰਾਂ ਵਾਹਨਾਂ ਨੂੰ ਜਾਮ ਤੋਂ ਛੁਟਕਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਅੰਡਰਪਾਸ ਬਣਨ ਨਾਲ ਮੁਕਰਬਾ ਚੌਕ ਅਤੇ ਹੈਦਰਪੁਰ ਬਾਦਲੀ ਮੈਟਰੋ ਦੇ ਆਲੇ-ਦੁਆਲੇ ਦੀ ਆਵਾਜਾਈ ਸੁਚਾਰੂ ਹੋ ਜਾਵੇਗੀ। ਸ੍ਰੀ ਸਿਸੋਦੀਆ ਨੇ ਦੱਸਿਆ ਕਿ ਪਹਿਲਾ ਅੰਡਰਪਾਸ ਹੈਦਰਪੁਰ ਬਾਦਲੀ ਮੈਟਰੋ ਸਟੇਸ਼ਨ ਦੇ ਗੇਟ ਨੰਬਰ 3 ’ਤੇ ਬਣਾਇਆ ਜਾਵੇਗਾ ਜੋ ਕਿ ਪੈਦਲ ਯਾਤਰੀਆਂ ਅਤੇ ਬਾਦਲੀ ਵੱਲ ਜਾਣ ਵਾਲੇ ਐੱਨਐੱਮਵੀ, ਦੂਜਾ 50 ਮੀਟਰ ਲੰਬਾ ਅੰਡਰਪਾਸ 9.6 ਮੀਟਰ ਚੌੜਾ ਤੇ 6 ਮੀਟਰ ਉੱਚਾ ਹੋਵੇਗਾ ਅਤੇ ਇਸ ਦੀ ਵਰਤੋਂ ਬਾਦਲੀ, ਆਊਟਰ ਰਿੰਗ ਰੋਡ ਤੋਂ ਸ਼ਾਲੀਮਾਰ ਬਾਗ ਵੱਲ ਆਉਣ ਵਾਲੇ ਵਾਹਨਾਂ ਵੱਲੋਂ ਕੀਤੀ ਜਾਵੇਗੀ। ਫਿਲਹਾਲ ਬਾਦਲੀ ਜਾਂ ਆਊਟਰ ਰਿੰਗ ਰੋਡ ਵੱਲ ਜਾਣ ਵਾਲੇ ਵਾਹਨਾਂ ਨੂੰ ਮੁਕਰਬਾ ਚੌਕ ਤੱਕ ਜਾਣਾ ਪੈਂਦਾ ਹੈ ਤੇ ਲੂਪ ਦੀ ਵਰਤੋਂ ਕਰਕੇ ਵਾਪਸ ਸ਼ਾਲੀਮਾਰ ਬਾਗ ਵੱਲ ਆਉਣਾ ਪੈਂਦਾ ਹੈ ਪਰ ਅੰਡਰਪਾਸ ਬਣਨ ਤੋਂ ਬਾਅਦ ਵਾਹਨਾਂ ਨੂੰ ਕਰੀਬ ਡੇਢ ਕਿਲੋਮੀਟਰ ਦੀ ਦੂਰੀ ਘੱਟ ਤੈਅ ਕਰਨੀ ਪਵੇਗੀ। ਉਨ੍ਹਾਂ ਦੱਸਿਆ ਕਿ ਇੱਥੇ ਬਣਨ ਵਾਲੇ ਤੀਜੇ ਅੰਡਰਪਾਸ ਦੀ ਵਰਤੋਂ ਭਵਿੱਖ ਵਿੱਚ ਬਣਨ ਵਾਲੀ ਐਲੀਵੇਟਿਡ ਰੋਡ ਰਾਹੀਂ ਸੰਜੇ ਗਾਂਧੀ ਟਰਾਂਸਪੋਰਟ ਨਗਰ ਤੋਂ ਆਜ਼ਾਦਪੁਰ ਵੱਲ ਜਾਣ ਵਾਲੇ ਵਾਹਨਾਂ ਲਈ ਲਾਹੇਵੰਦ ਸਾਬਤ ਹੋਵੇਗੀ। ਇਸ ਨਾਲ ਮੁਕਰਬਾ ਚੌਕ ’ਤੇ ਟ੍ਰੈਫਿਕ ਜਾਮ ਘਟੇਗਾ।