ਨਵੀਂ ਦਿੱਲੀ, 6 ਸਤੰਬਰ
ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਸਰਾਏ ਕਾਲੇ ਖਾਂ ਵਿੱਚ ਇਕ ਫਲਾਈਓਵਰ ਦਾ ਨੀਂਹ ਪੱਥਰ ਰੱਖਿਆ। ਤਿੰਨ ਲੇਨ ਵਾਲਾ ਇਹ ਫਲਾਈਓਵਰ ਰਿੰਗ ਰੋਡ ’ਤੇ ਵਾਹਨਾਂ ਕਾਰਨ ਲੱਗਣ ਵਾਲੇ ਜਾਮ ਦੀ ਸਮੱਸਿਆ ਨੂੰ ਘੱਟ ਕਰਨ ਲਈ ਬਣਾਇਆ ਜਾ ਰਿਹਾ ਹੈ। ਲੋਕ ਨਿਰਮਾਣ ਵਿਭਾਗ (ਪੀਡਬਲਿਊ) ਦੇ ਅਧਿਕਾਰਆਂ ਮੁਤਾਬਿਕ ਸਰਾਏ ਕਲਾਂ ਖਾਂ ਵਿੱਚ ਰਿੰਗ ਰੋਡ ਦੇ ਦੂਸਰੇ ਕੈਰਿਜਵੇਅ ’ਤੇ ਮੌਜੂਦ ਇਕ ਫਲਾਈਓਵਰ ਦੇ ਨਾਲ ਤਿੰਨ ਲੇਨ ਵਾਲੇ ਹੋਰ ਫਲਾਈਓਵਰਾਂ ਦਾ ਨਿਰਮਾਣ ਕੀਤਾ ਜਾਵੇਗਾ। ਮਨੀਸ਼ ਸਿਸੋਦੀਆ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਟਵੀਟ ਕੀਤਾ, ‘‘ਸਰਾਏ ਕਾਲੇ ਖਾਂ ਦਿੱਲੀ ਦੇ ਭੀੜ ਵਾਲੇ ਇਲਾਕਿਆਂ ਵਿੱਚੋਂ ਇਕ ਹੈ, ਜਿੱਥੇ ਅੰਤਰਰਾਜੀ ਬੱਸ ਟਰਮੀਨਲ (ਆਈਐਸਬੀਟੀ), ਮੈਟਰੋ ਸਟੇਸ਼ਨ, ਰੇਲਵੇ ਸਟੇਸ਼ਨ ਤੇ ਆਰਆਰਟੀਐੱਸ ਬਣਨ ਕਾਰਨ ਇੱਥੇ ਆਵਾਜਾਈ ਵਿੱਚ ਹੋਰ ਵਾਧਾ ਹੋਵੇਗਾ। ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਅੱਜ ਇੱਥੇ ਨਵੇਂ ਤਿੰਨ ਲੇਨ ਵਾਲੇ ਫਲਾਈਓਵਰ ਦਾ ਨੀਂਹ ਪੱਥਰ ਰੱਖਿਆ ਗਿਆ ਹੈ, ਜੋ ਇਕ ਸਾਲ ਦੇ ਅੰਦਰ ਤਿਆਰ ਹੋ ਜਾਵੇਗਾ ਅਤੇ ਇਸ ਟੀ-ਜੰਕਸ਼ਨ ਨੂੰ ਸਿਗਨਲ ਫ੍ਰੀ ਬਣਾਇਆ ਜਾਵੇਗਾ।’’ ਲੋਕ ਨਿਰਮਾਣ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਇਸ ਫਲਾਈਓਵਰ ਰਾਹੀਂ ਆਟੀਓ ਤੋਂ ਰੋਜ਼ਾਨਾ ਆਸ਼ਰਮ ਜਾਣ ਵਾਲੇ ਲੱਖਾਂ ਵਾਹਨ ਚਾਲਕਾਂ ਨੂੰ ਟਰੈਫਿਕ ਜਾਮ ਤੋਂ ਨਿਜਾਤ ਮਿਲੇਗੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਨਾਲ ਰੋਜ਼ਾਨਾ ਪੰਜ ਟਨ ਕਾਰਬਨ ਗੈਸ ਦਾ ਨਿਕਾਸ ਘੱਟ ਹੋਵਗਾ। ਉਨ੍ਹਾਂ ਕਿਹਾ ਕਿ ਈਂਧਨ ਤੇ ਸਮੇਂ ਦੀ ਆਰਥਿਕ ਕੀਮਤ ਦੇ ਹਿਸਾਬ ਨਾਲ ਹਰ ਸਾਲ ਜਨਤਾ ਦੇ 19 ਕਰੋੜ ਰੁਪਏ ਦੀ ਬੱਚਤ ਹੋਵੇਗੀ, ਜਿਸ ਤੋਂ ਯੋਜਨਾ ਦੀ ਲਾਗਤ ਸਾਢੇ ਤਿੰਨ ਸਾਲ ਦੇ ਅੰਦਰ ਵਸੂਲ ਹੋ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਦਿੱਲੀ ਵਾਸੀਆਂ ਨੂੰ ਵਧਾਈ ਦਿੱਤੀ। ਦੱਸਣਯੋਗ ਹੈ ਕਿ 550 ਮੀਟਰ ਲੰਮਾ ਇਹ ਪੁਲ ਲਗਪਗ 65.55 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਨਜ਼ਦੀਕੀ ਮਾਰਗਾਂ ਨੂੰ ਚੌੜਾ ਤੇ ਫੁੱਟਪਾਥ ਤੇ ਪੈਦਲ ਮਾਰਗ ਦੀ ਦੁਬਾਰਾ ਉਸਾਰੀ ਕੀਤੀ ਜਾਵੇਗੀ। ਫਲਾਈਓਵਰ ਨੂੰ ਹਾਲ ਹੀ ਵਿੱਚ ਦਿੱਲੀ ਸ਼ਹਿਰੀ ਕਲਾ ਆਯੋਗ ਨੇ ਮਨਜ਼ੂਰੀ ਦਿੱਤੀ। ਇਸ ਫਲਾਈਓਵਰ ’ਤੇ ਟਰੈਫਿਕ ਜ਼ਿਆਦਾ ਹੋਣ ਕਾਰਨ ਲੋਕਾਂ ਨੂੰ ਜਾਮ ਦਾ ਸਾਹਮਣਾ ਕਰਨਾ ਪੈਂਦਾ ਸੀ, ਹੁਣ ਪੁਲ ਦੇ ਤਿਆਰ ਹੋਣ ਨਾਲ ਉਨ੍ਹਾਂ ਕਾਫ਼ੀ ਰਾਹਤ ਮਿਲੇਗੀ। -ਪੀਟੀਆਈ
ਪੁਲਾਂ ਦੀ ਉਸਾਰੀ ’ਚ ਤੇਜ਼ੀ ਲਿਆਏਗੀ ਸਰਕਾਰ: ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ‘ਆਪ’ ਸਰਕਾਰ ਵੱਲੋੋਂ ਕੌਮੀ ਰਾਜਧਾਨੀ ਵਿੱਚ 77 ਥਾਵਾਂ ’ਤੇ ਲੋਕਾਂ ਨੂੰ ਟਰੈਫਿਕ ਤੋਂ ਨਿਜਾਤ ਦਿਵਾਉਣ ਲਈ ਫਲਾਈਓਵਰ ਤੇ ਅੰਡਰਪਾਸਾਂ ਦੀ ਉਸਾਰੀ ਸਣੇ ਹੋ ਕਈ ਕਦਮ ਚੁੱਕੇ ਜਾਣਗੇ। ਕੇਜਰੀਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਨ੍ਹਾਂ ਥਾਵਾਂ ’ਤੇ ਟਰੈਫਿਕ ਜਾਮ ਦੇ ਹੱਲ ਲਈ ਚਰਚਾ ਕੀਤੀ ਹੈ। ਇਸ ਸਬੰਧੀ ਕੇਜਰੀਵਾਲ ਨੇ ਇਕ ਟਵੀਟ ਕੀਤਾ, ਜਿਸ ਵਿੱਚ ਉਨ੍ਹਾਂ ਕਿਹਾ, ‘‘ਅਜਿਹੇ ਕੋਰੀਡੋਰ, ਜਿੱਥੇ ਜ਼ਿਆਦਾ ਜਾਮ ਲੱਗਦਾ ਹੈ, ਨੂੰ ਜਾਮ ਮੁਕਤ ਬਣਾਉਣ ਲਈ ਸੜਕਾਂ ਚੌੜੀਆਂ ਕਰਨ ਤੋਂ ਇਲਾਵਾ ਅੰਡਰਪਾਸ, ਫਲਾਈਓਵਰ ਤੇ ਫੁੱਟਓਵਰ ਬ੍ਰਿੱਜ ਬਣਾਏ ਜਾਣਗੇ’’।