ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਜੁਲਾਈ
ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇੱਥੇ ਬੇਨੀਟੋ ਜੁਆਰੇਜ਼ ਅੰਡਰਪਾਸ ਦਾ ਉਦਘਾਟਨ ਕੀਤਾ ਜੋ ਦਿੱਲੀ ਹਵਾਈ ਅੱਡੇ ਤੋਂ ਗੁਰੂਗ੍ਰਾਮ ਤੱਕ ਜਾਣ ਵਾਲੇ ਯਾਤਰੀਆਂ ਨੂੰ ਆਵਾਜਾਈ ਦੀਆਂ ਰੁਕਾਵਟਾਂ ਤੇ ਸਮੇਂ ਦੀ ਬਚਤ ਕਰਨ ਵਿੱਚ ਮਦਦ ਕਰੇਗਾ।
ਅਧਿਕਾਰੀਆਂ ਨੇ ਕਿਹਾ ਕਿ 1.2 ਕਿਲੋਮੀਟਰ ਲੰਬਾ ਵਾਈ-ਆਕਾਰ ਵਾਲਾ ਅੰਡਰਪਾਸ ਹਵਾਈ ਅੱਡੇ, ਚਾਣਕਿਆਪੁਰੀ ਤੇ ਏਮਜ਼ ਵਿਚਕਾਰ ਸੰਪਰਕ ਨੂੰ ਵੀ ਸੁਧਾਰੇਗਾ। ਇਸ ਅੰਡਰਪਾਸ ਨਾਲ ਸਕਾਈਵਾਕ ਵੀ ਸਹੂਲਤ ਹੈ। ਬੇਨੀਟੋ ਜੁਆਰੇਜ਼ ਮਾਰਗ ’ਤੇ 1.2 ਕਿਲੋਮੀਟਰ ਵਾਈ-ਆਕਾਰ ਦੇ ਅੰਡਰਪਾਸ ਦੇ ਸ਼ੁਰੂ ਹੋਣ ਨਾਲ ਦਿੱਲੀ ਅਤੇ ਗੁਰੂਗ੍ਰਾਮ ਦੇ ਵਿਚਕਾਰ ਲੱਖਾਂ ਯਾਤਰੀਆਂ ਨੂੰ ਹੁਣ ਰੋਜ਼ਾਨਾ ਦੇ ਆਧਾਰ ’ਤੇ ਟ੍ਰੈਫਿਕ ਜਾਮ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਏਅਰਪੋਰਟ ਤੇ ਗੁਰੂਗ੍ਰਾਮ ਤੋਂ ਏਮਜ਼, ਚਾਣਕਿਆਪੁਰੀ, ਯਸ਼ਵੰਤ ਪਲੇਸ ਤੱਕ ਜਾਣ ਵਾਲੇ ਯਾਤਰੀ ਹੁਣ ਇਸ ਸਹੂਲਤ ਦੀ ਵਰਤੋਂ ਕਰਕੇ ਆਉਟਰ ਰਿੰਗ ਰੋਡ, ਧੌਲਾ ਕੁਆਂ ਤੇ ਰਾਓ ਤੁਲਾ ਰਾਮ ਮਾਰਗ ‘ਤੇ ਟ੍ਰੈਫਿਕ ਰੁਕਾਵਟਾਂ ਨੂੰ ਬਾਈਪਾਸ ਕਰ ਸਕਣਗੇ। ਅੰਡਰਪਾਸ ਦਿੱਲੀ ਯੂਨੀਵਰਸਿਟੀ ਦੇ ਸ਼੍ਰੀ ਵੈਂਕਟੇਸ਼ਵਰ ਕਾਲਜ ਦੇ ਨੇੜੇ ਸ਼ੁਰੂ ਹੁੰਦਾ ਹੈ ਤੇ ਦੱਖਣੀ ਕੈਂਪਸ ਮੈਟਰੋ ਸਟੇਸ਼ਨ ਦੇ ਹੇਠਾਂ ਰਿੰਗ ਰੋਡ ਤੱਕ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੀ ਇੱਕ ਬਾਂਹ ਸੈਨ ਮਾਰਟਿਨ ਰੋਡ ’ਤੇ ਖੁੱਲ੍ਹਦੀ ਹੈ ਜਦੋਂ ਕਿ ਦੂਜੀ ਰਿੰਗ ਰੋਡ ’ਤੇ ਮੋਤੀ ਬਾਗ ਵੱਲ ਜਾਂਦੀ ਹੈ। ਨਵੇਂ ਬਣੇ ਅੰਡਰਪਾਸ ਨਾਲ ਯਾਤਰੀਆਂ ਲਈ ਲਗਭਗ 8 ਤੋਂ 10 ਮਿੰਟ ਬਚਣ ਦੀ ਸੰਭਾਵਨਾ ਹੈ। ਪ੍ਰੋਜੈਕਟ ’ਤੇ ਕੰਮ ਅਪ੍ਰੈਲ 2015 ਵਿੱਚ ਸ਼ੁਰੂ ਹੋਇਆ ਸੀ ਅਤੇ ਅਕਤੂਬਰ 2017 ਵਿੱਚ ਪੂਰਾ ਹੋਣਾ ਸੀ। ਲੌਕਡਾਊਨ ਦੇ ਕਾਰਨ ਕੰਮ ਦੀ ਰਫ਼ਤਾਰ ਮੱਠੀ ਹੋਣ ਕਾਰਨ ਇਹ ਕਈ ਸਮਾਂ ਸੀਮਾਵਾਂ ਤੋਂ ਖੁੰਝ ਗਿਆ।