ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਮਾਰਚ
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਜੋ ਕਿ ਦਿੱਲੀ ਦੇ ਸਿੱਖਿਆ ਮੰਤਰੀ ਵੀ ਹਨ, ਨੇ ਦਿੱਲੀ ਟੀਚਰਜ਼ ਯੂਨੀਵਰਸਿਟੀ ਦਾ ਉਦਘਾਟਨ ਕੀਤਾ। ਸਿਸੋਦੀਆ ਨੇ ਟਵੀਟ ਕੀਤਾ ‘‘ਦਿੱਲੀ ਟੀਚਰਜ਼ ਯੂਨੀਵਰਸਿਟੀ ਦਾ ਉਦਘਾਟਨ ਕਰ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਇਹ ਦਿੱਲੀ ਦੀ ਆਪਣੀ ਕਿਸਮ ਦੀ ਪਹਿਲੀ ਯੂਨੀਵਰਸਿਟੀ ਹੈ ਜਿਸ ਦਾ ਉਦੇਸ਼ ਚੰਗੀ ਤਰ੍ਹਾਂ ਸਿੱਖਿਅਤ ਅਤੇ ਉੱਚ ਯੋਗਤਾ ਪ੍ਰਾਪਤ ਅਧਿਆਪਕਾਂ ਨੂੰ ਤਿਆਰ ਕਰਨਾ ਹੈ।’’
ਸਿਸੋਦੀਆ ਨੇ ਕਿਹਾ ਕਿ ਇੱਕ ਅਧਿਆਪਕ ਸਾਡੀ ਜ਼ਿੰਦਗੀ ਦੇ ਸਾਰੇ ਪਹਿਲੂਆਂ ਨੂੰ ਛੂਹ ਲੈਂਦਾ ਹੈ। ਉਨ੍ਹਾਂ ਕਿਹਾ ਕਿ ਆਈਆਈਟੀ, ਆਈਆਈਐਮ, ਏਮਜ਼ ਸਥਾਪਤ ਕਰਨਾ ਆਸਾਨ ਸੀ ਪਰ ਅਸੀਂ ਉੱਚ ਪੱਧਰੀ ਅਧਿਆਪਕਾਂ ਦੀ ਯੂਨੀਵਰਸਿਟੀ ਸਥਾਪਤ ਨਹੀਂ ਕਰ ਸਕੇ।
ਸਿਸੋਦੀਆ ਨੇ ਕਿਹਾ ਕਿ ਯੂਨੀਵਰਸਿਟੀ 12ਵੀਂ ਜਮਾਤ ਤੋਂ ਬਾਅਦ ਇੱਕ ਨਵੇਂ ਯੁੱਗ, ਏਕੀਕ੍ਰਿਤ ਅਧਿਆਪਕ ਸਿੱਖਿਆ ਪ੍ਰੋਗਰਾਮ ਦੀ ਪੇਸ਼ਕਸ਼ ਕਰੇਗੀ। ਇਹ ਕੌਮੀ ਤੇ ਕੌਮਾਂਤਰੀ ਸੰਸਥਾਵਾਂ ਨਾਲ ਸਹਿਯੋਗ ਕਰ ਕੇ ਸਿੱਖਿਆ ਵਿੱਚ ਬੁਨਿਆਦੀ ਅਤੇ ਨਵੀਂ ਖੋਜ ’ਤੇ ਵੀ ਜ਼ੋਰ ਦੇਵੇਗੀ।
ਦਿੱਲੀ ਵਿਧਾਨ ਸਭਾ ਨੇ ਜਨਵਰੀ ਵਿੱਚ ਇੱਕ ਵਿਸ਼ਵ ਪੱਧਰੀ ਅਧਿਆਪਕ ਸਿਖਲਾਈ ਯੂਨੀਵਰਸਿਟੀ ਸਥਾਪਿਤ ਕਰਨ ਲਈ ਇੱਕ ਬਿੱਲ ਪਾਸ ਕੀਤਾ ਸੀ। ਯੂਨੀਵਰਸਿਟੀ ਅਧਿਆਪਕਾਂ ਦੀ ਨਵੀਂ ਪੀੜ੍ਹੀ ਪੈਦਾ ਕਰਨ ਲਈ ਬੀਏ-ਬੀਐੱਡ ਅਤੇ ਬੀਐੱਸਸੀ-ਬੀਐੱਡ ਵਰਗੇ ਅਧਿਆਪਕ ਸਿੱਖਿਆ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰੇਗੀ। ਯੂਨੀਵਰਸਿਟੀ ਦੇ ਵਿਦਿਆਰਥੀ ਆਪਣੇ ਕੋਰਸਾਂ ਦੀ ਮਿਆਦ ਲਈ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਨਾਲ ਸਹਿਯੋਗ ਕਰਨਗੇ ਤੇ ਖੋਜ ’ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਪ੍ਰੈਕਟੀਕਲ ਅਨੁਭਵ ਪ੍ਰਾਪਤ ਕਰਨਗੇ।
ਨਵੀਂ ਯੂਨੀਵਰਸਿਟੀ ਪੱਛਮੀ ਦਿੱਲੀ ਦੇ ਪਿੰਡ ਬੱਕਰਵਾਲਾ ਵਿਚ ਸਥਾਪਿਤ ਕੀਤੀ ਜਾ ਰਹੀ ਹੈ। ਚਾਰ ਮੰਜ਼ਿਲਾ ਮੁੱਖ ਯੂਨੀਵਰਸਿਟੀ ਬਲਾਕ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ, ਪ੍ਰਬੰਧਕੀ ਮੰਜ਼ਿਲ ਤੇ ਸਿੱਖਿਆ ਮੰਜ਼ਿਲ। ਗਰਾਊਂਡ ਫਲੋਰ ’ਤੇ ਪ੍ਰਸ਼ਾਸਨ ਦਾ ਦਫ਼ਤਰ ਹੋਵੇਗਾ ਜਦੋਂਕਿ ਪਹਿਲੀ, ਦੂਜੀ ਅਤੇ ਤੀਜੀ ਮੰਜ਼ਿਲ ‘ਤੇ ਕਲਾਸਾਂ ਲੱਗਣਗੀਆਂ।