ਪੱਤਰ ਪ੍ਰੇਰਕ
ਨਵੀਂ ਦਿੱਲੀ , 20 ਅਪਰੈਲ
ਮੰਗਲਵਾਰ ਨੂੰ ਲਗਾਤਾਰ ਪੰਜਵੇਂ ਦਿਨ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸਿਹਤ ਮੰਤਰੀ ਸਤਿੰਦਰ ਜੈਨ ਨਾਲ ਮਿਲ ਕੇ ਦਿੱਲੀ ਦੇ ਹਸਪਤਾਲਾਂ ਵਿੱਚ ਕਰੋਨਾ ਦੀਆਂ ਇਲਾਜ ਸਹੂਲਤਾਂ ਦਾ ਨਿਰੀਖ਼ਣ ਕੀਤਾ। ਸਿਸੋਦੀਆ ਨੇ ਸਿਹਤ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਰੋਹਿਨੀ ਦੇ ਬਾਬਾ ਸਾਹਿਬ ਅੰਬੇਡਕਰ ਹਸਪਤਾਲ ਦਾ ਦੌਰਾ ਕੀਤਾ। ਹਸਪਤਾਲ ਵਿੱਚ ਉਪ ਮੁੱਖ ਮੰਤਰੀ ਨੇ ਡਾਕਟਰਾਂ ਨਾਲ ਗੱਲਬਾਤ ਕੀਤੀ ਤੇ ਸਿਸਟਮ ਦਾ ਜਾਇਜ਼ਾ ਲਿਆ ਅਤੇ ਫਿਰ ਉਥੇ ਦਾਖਲ ਮਰੀਜ਼ਾਂ, ਉਨ੍ਹਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਸਥਿਤੀ ਦਾ ਪਤਾ ਲਗਾਇਆ। ਉਨ੍ਹਾਂ ਹਸਪਤਾਲ ਪ੍ਰਸ਼ਾਸਨ ਨੂੰ ਮਰੀਜ਼ਾਂ ਨੂੰ ਵਧੀਆ ਸਹੂਲਤਾਂ ਦੇਣ ਦੇ ਨਿਰਦੇਸ਼ ਦਿੱਤੇ। ਮੌਜੂਦਾ ਸਥਿਤੀ ਨੂੰ ਵੇਖਦਿਆਂ ਉਪ ਮੁੱਖ ਮੰਤਰੀ ਨੇ ਹਸਪਤਾਲ ਵਿੱਚ 400 ਬੈੱਡ ਵਧਾਉਣ ਦੇ ਆਦੇਸ਼ ਦਿੱਤੇ। ਸ੍ਰੀ ਸਿਸੋਦੀਆ ਨੇ ਕਿਹਾ, ‘ਸਾਡੇ ਡਾਕਟਰ ਤੇ ਸਾਰਾ ਮੈਡੀਕਲ ਸਟਾਫ ਆਪਣੀ ਜ਼ਿੰਦਗੀ ਦੀ ਪਰਵਾਹ ਕੀਤੇ ਬਿਨਾਂ, ਦਿਨ ਰਾਤ ਲੋਕਾਂ ਦੀਆਂ ਜ਼ਿੰਦਗੀਆਂ ਬਚਾ ਰਿਹਾ ਹੈ, ਸਾਨੂੰ ਉਨ੍ਹਾਂ ‘ਤੇ ਮਾਣ ਹੈ। ਅਸੀਂ ਉਨ੍ਹਾਂ ਦੀ ਭਾਵਨਾ ਨੂੰ ਸਲਾਮ ਕਰਦੇ ਹਾਂ’ ਉਪ ਮੁੱਖ ਮੰਤਰੀ ਨੇ ਕਿਹਾ ਕਿ ਇਹ ਯੁੱਧ ਦਾ ਸਮਾਂ ਹੈ ਤੇ ਇਸ ਨਾਲ ਲੜਨ ਲਈ, ਦਿੱਲੀ ਸਰਕਾਰ ਜੰਗੀ ਪੱਧਰ ‘ਤੇ ਕੰਮ ਕਰ ਰਹੀ ਹੈ। ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਕਰੋਨਾ ਨਾਲ ਮਿਲ ਕੇ ਲੜਨਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਤਾਲਾਬੰਦੀ ਦੇ ਨਿਯਮਾਂ ਦੀ ਪਾਲਣਾ ਕਰਨ। ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਕਿਹਾ ਕਿ ਦਿੱਲੀ ਵਿੱਚ ਕਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਬਿਸਤਰੇ ਬਹੁਤ ਤੇਜ਼ੀ ਨਾਲ ਵਧੇ ਜਾ ਰਹੇ ਹਨ। ਪਿਛਲੇ 10 ਤੋਂ 12 ਦਿਨਾਂ ਵਿੱਚ ਤਿੰਨ ਵਾਰ ਤੋਂ ਵੱਧ ਵਾਧਾ ਕੀਤਾ ਗਿਆ ਹੈ। ਅੱਜ ਕੋਵਿਡ ਹਸਪਤਾਲਾਂ ਵਿੱਚ 18923 ਬਿਸਤਰੇ ਹਨ ਤੇ ਇਨ੍ਹਾਂ ਵਿੱਚੋਂ 2426 ਬਿਸਤਰੇ ਉਪਲਬਧ ਹਨ। ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸਾਰੀਆਂ ਕੰਪਨੀਆਂ ਨੂੰ ਰੈਮੇਡੀਸੈਵਿਰ ਸਪਲਾਈ ਦੀ ਆਗਿਆ ਦਿੱਤੀ ਜਾਵੇ। ਆਈਸੀਯੂ ਦੇ ਲਗਪੱਗ 100 ਬਿਸਤਰੇ ਉਪਲਬਧ ਸਨ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਟੀਕਾਕਰਨ ਲਈ ਵਿਆਪਕ ਤਿਆਰੀ ਕਰੇਗੀ। ਦਿੱਲੀ ਵਿੱਚ ਪਹਿਲਾਂ ਹੀ 500 ਤੋਂ ਵੱਧ ਟੀਕਾਕਰਨ ਕੇਂਦਰ ਹਨ। ਕੇਂਦਰਾਂ ਵਿਚ ਹੋਰ ਵਾਧਾ ਕੀਤਾ ਜਾਵੇਗਾ। ਕੇਂਦਰ ਸਰਕਾਰ ਨੂੰ ਟੀਕਾਕਰਨ ਕੇਂਦਰ ਖੋਲ੍ਹਣ ਵਿਚ ਰਿਆਇਤ ਦੇਣ ਲਈ ਵੀ ਕਿਹਾ ਸੀ।
ਬਿਸਤਰੇ ਬਹੁਤ ਤੇਜ਼ੀ ਨਾਲ ਵਧੇ: ਜੈਨ
ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਕਿਹਾ ਕਿ ਦਿੱਲੀ ਵਿੱਚ ਕਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਬਿਸਤਰੇ ਬਹੁਤ ਤੇਜ਼ੀ ਨਾਲ ਵਧੇ ਜਾ ਰਹੇ ਹਨ। ਪਿਛਲੇ 10 ਤੋਂ 12 ਦਿਨਾਂ ਵਿੱਚ ਤਿੰਨ ਵਾਰ ਤੋਂ ਵੱਧ ਵਾਧਾ ਕੀਤਾ ਗਿਆ ਹੈ। ਅੱਜ ਕੋਵਿਡ ਹਸਪਤਾਲਾਂ ਵਿੱਚ 18923 ਬਿਸਤਰੇ ਹਨ ਤੇ ਇਨ੍ਹਾਂ ਵਿੱਚੋਂ 2426 ਬਿਸਤਰੇ ਉਪਲਬਧ ਹਨ। ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸਾਰੀਆਂ ਕੰਪਨੀਆਂ ਨੂੰ ਰੈਮੇਡੀਸੈਵਿਰ ਸਪਲਾਈ ਦੀ ਆਗਿਆ ਦਿੱਤੀ ਜਾਵੇ। ਆਈਸੀਯੂ ਦੇ ਲਗਪੱਗ 100 ਬਿਸਤਰੇ ਉਪਲਬਧ ਸਨ।