ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਮਈ
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀਡੀਓ ਕਾਨਫਰੰਸ ਰਾਹੀਂ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਵਿੱਚ ਹੋਏ ਕੋਵਿਡ-19 ਗਲੋਬਲ ਸੰਮੇਲਨ-2020 ਨੂੰ ਸੰਬੋਧਨ ਕੀਤਾ। ਸੰਮੇਲਨ ਨੂੰ ਸੰਬੋਧਨ ਕਰਦਿਆਂ ਸ੍ਰੀ ਸਿਸੋਦੀਆ ਨੇ ਕਰੋਨਾ ਵਾਇਰਸ ਨੂੰ ਕਾਬੂ ਕਰਨ ਵਿਚ ਦਿੱਲੀ ਸਰਕਾਰ ਦੀਆਂ ਕੋਸ਼ਿਸ਼ਾਂ ਤੇ ਤਜ਼ਰਬਿਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ, ‘‘ਪਹਿਲਾ ਕਰੋਨਾ ਕੇਸ 2 ਮਾਰਚ ਨੂੰ ਦਿੱਲੀ ਵਿੱਚ ਮਿਲਿਆ ਸੀ। ਸਰਕਾਰ ਲਈ ਇਸ ਬਿਮਾਰੀ ਦੀ ਲਾਗ ਨੂੰ ਰੋਕਣਾ ਬਹੁਤ ਅਹਿਮ ਸੀ। ਮੁਕੰਮਲ ਤਾਲਾਬੰਦੀ ਨੇ ਸਾਨੂੰ ਨਾਗਰਿਕਾਂ ਵਿਚ ਕਰੋਨਾ ਵਾਇਰਸ ਬਾਰੇ ਜਾਗਰੂਕਤਾ ਫੈਲਾਉਣ ਤੇ ਸਾਡੀ ਸਿਹਤ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ।’’ ਸ੍ਰੀ ਸਿਸੋਦੀਆ ਨੇ ਕਿਹਾ ਕਿ ਹੁਣ ਦਿੱਲੀ ਨੂੰ ਖੋਲ੍ਹ ਰਹੇ ਹਾਂ। ਹਰ ਤਰ੍ਹਾਂ ਦੀਆਂ ਡਾਕਟਰੀ ਸਹੂਲਤਾਂ ਤਿਆਰ ਕੀਤੀਆਂ ਹਨ। ਹੁਣ ਸਰਕਾਰ ਕੋਲ ਕਰੋਨਾ ਵਾਇਰਸ ਦੀ ਲਾਗ ਬਾਰੇ ਸਮਝ ਹੈ। ਇਸ ਲਈ ਹੁਣ ਸਾਰੇ ਕਰੋਨਾ ਨਾਲ ਲੜਨ ਲਈ ਤਿਆਰ ਹਨ। ਵੀਡੀਓ ਕਾਨਫਰੰਸ ਰਾਹੀਂ ਗਲੋਬਲ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਪ ਮੁੱਖ ਮੰਤਰੀ ਨੇ ਤਾਲਾਬੰਦੀ ਦੌਰਾਨ ਦਿੱਲੀ ਵਿੱਚ ਵੱਖ-ਵੱਖ ਵਰਗਾਂ ਦੀ ਰਾਹਤ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਦੀ ਰਾਹਤ ਟੀਮ ਰੋਜ਼ਾਨਾ ਦਸ ਲੱਖ ਲੋਕਾਂ ਨੂੰ ਦੋ ਵਾਰ ਭੋਜਨ ਮੁਹੱਈਆ ਕਰਵਾ ਰਹੀ ਹੈ। ਉਨ੍ਹਾਂ ਪੜਾਅਵਾਰ ਆਰਥਿਕ ਗਤੀਵਿਧੀਆਂ ਨੂੰ ਮੁੜ ਬਹਾਲ ਕਰਨ ਦੀ ਯੋਜਨਾ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਸਿੱਖਿਆ ਵਿਭਾਗ ਵੱਲੋਂ ਬੱਚਿਆਂ ਨੂੰ ਘਰ ਵਿੱਚ ਆਨ ਲਾਈਨ ਸਿੱਖਿਆ ਦੇ ਤਜ਼ਰਬੇ ਵੀ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਸਭ ਤੋਂ ਤਸੱਲੀ ਵਾਲੀ ਗੱਲ ਇਹ ਹੈ ਕਿ ਤਾਲਾਬੰਦੀ ਦੌਰਾਨ ਨਾ ਸਿਰਫ ਨਵੀਆਂ ਕਿਸਮਾਂ ਦੀਆਂ ਵਿਦਿਅਕ ਗਤੀਵਿਧੀਆਂ ਰਾਹੀਂ ਬੱਚਿਆਂ ਦੇ ਸਮੇਂ ਦੇ ਨੁਕਸਾਨ ਨੂੰ ਰੋਕਿਆ ਬਲਕਿ ਸਿੱਖਣ ਦੇ ਨਵੇਂ ਮੌਕੇ ਵੀ ਦਿੱਤੇ। ਕੇਜੀ ਤੋਂ ਬਾਰ੍ਹਵੀਂ ਜਮਾਤ ਤਕਰੀਬਨ 9 ਲੱਖ ਵਿਦਿਆਰਥੀਆਂ ਨੂੰ ਆਨ ਲਾਈਨ ਸਿੱਖਿਆ ਦਿੱਤੀ।
ਸ੍ਰੀ ਸਿਸੋਦੀਆ ਨੇ ਗਲੋਬਲ ਸੰਮੇਲਨ ਵਿਚ ਹਿੱਸਾ ਲੈਣ ਤੋਂ ਬਾਅਦ ਇਸ ਨੂੰ ਇੱਕ ਚੰਗਾ ਤਜ਼ਰਬਾ ਦੱਸਿਆ। ਇਸ ਸੰਮੇਲਨ ਵਿੱਚ ਸਿਓਲ, ਮਾਸਕੋ, ਜਕਾਰਤਾ, ਇਸਤਾਂਬੁਲ, ਬੁਡਾਪੇਸਟ, ਤਹਿਰਾਨ, ਤੇਲ ਅਵੀਵ, ਬੁਇਨਸ ਆਇਰਸ਼, ਵੈਨਕੂਵਰ ਅਤੇ ਚੋਂਗਕਿੰਗ ਦੇ ਮੇਅਰ ਅਤੇ ਮਾਹਿਰ ਸ਼ਾਮਲ ਹੋਏ।