ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਮਾਰਚ
ਗੁਰਦੁਆਰਾ ਬਾਲਾ ਸਾਹਿਬ ਦੇ ਕਿਡਨੀ ਡਾਇਲੇਸਿਸ ਹਸਪਤਾਲ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ, ਜੋ ਲਗਪਗ ਇਕ ਹਫ਼ਤਾ ਪਹਿਲਾਂ ਸ਼ੁਰੂ ਹੋਇਆ ਸੀ। ਇਸ ਕਾਰਨ ਨੈਸ਼ਨਲ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਪੰਮਾ ਤੇ ਪ੍ਰਬੰਧਕਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੋਂ ਅਸਤੀਫੇ਼ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਕਮੇਟੀ ਨੇ ਤਿਆਰੀ ਕੀਤੇ ਬਿਨਾਂ ਆਪਣੇ ਰਾਜਨੀਤਿਕ ਲਾਭ ਲਈ ਹਸਪਤਾਲ ਦਾ ਉਦਘਾਟਨ ਜਲਦ ਕੀਤਾ। ਸੋਸ਼ਲ ਮੀਡੀਆ ’ਤੇ ਆ ਰਿਹਾ ਹੈ ਕਿ ਉਨ੍ਹਾਂ ਨੇ 100 ਬੈੱਡਾਂ ਦਾ ਦਾਅਵਾ ਕੀਤਾ ਪਰ 30 ਬੈੱਡਾਂ ਦੇ ਚੱਲਣ ਵਿਚ ਕਿੰਨੀ ਅਣਗਹਿਲੀ ਹੋਈ ਇਹ ਜਾਂਚ ਦਾ ਵਿਸ਼ਾ ਜਾਪਦੀ ਹੈ। ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਸਿਰਸਾ ਲਗਾਤਾਰ ਝੂਠੇ ਦਾਅਵੇ ਕਰਕੇ ਮੁਹਿੰਮ ਚਲਾ ਰਹੇ ਹਨ, ਅਜਿਹਾ ਲਗਦਾ ਹੈ ਕਿ ਉਨ੍ਹਾਂ ਦਾ ਇਕ ਹੀ ਉਦੇਸ਼ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਮੁੜ ਸੱਤਾ ਕਿਵੇਂ ਹਾਸਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਮੇਟੀ ਹਰ ਕੰਮ ਵਿਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ। ਇਸ ਨਾਲ ਉਹ ਝੂਠੇ ਵਾਅਦੇ ਕਰਕੇ ਸਿੱਖ ਸਮਾਜ ਨੂੰ ਗੁੰਮਰਾਹ ਕਰ ਰਹੇ ਹਨ। ਪੰਮਾ ਨੇ ਕਿਹਾ ਕਿ ਕਮੇਟੀ ਨੂੰ ਚਾਹੀਦਾ ਹੈ ਕਿ ਮ੍ਰਿਤਕ ਦੇ ਪਰਿਵਾਰ ਨੂੰ ਦਸ ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਅਤੇ ਮੁਲਜ਼ਮਾਂ ਖਿਲਾਫ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਨੈਸ਼ਨਲ ਅਕਾਲੀ ਦਲ ਕਮੇਟੀ ਦਾ ਘਿਰਾਓ ਕਰੇਗੀ।