ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਫਰਵਰੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਪੰਜਾਬੀ ਬਾਗ਼ ਵਿੱਚ ਕੌਮਾਂਤਰੀ ਪੱਧਰ ਦੇ ਮਿਆਰ ਦੀ ਸ਼ੂਟਿੰਗ ਰੇਂਜ ਦਾ ਉਦਘਾਟਨ ਕੀਤਾ ਗਿਆ। ਦਿੱਲੀ ਕਮੇਟੀ ਦੇ ਮੈਂਬਰ ਸਰਬਜੀਤ ਸਿੰਘ ਵਿਰਕ ਨੇ ਦੱਸਿਆ ਕਿ ਇਸ ਸ਼ੂਟਿੰਗ ਰੇਂਜ ਵਿੱਚ ਸਾਰੀਆਂ ਆਧੁਨਿਕ ਸਹੂਲਤਾਂ ਦਿੱਤੀਆਂ ਗਈਆਂ ਹਨ, ਜੋ ਕੌਮਾਂਤਰੀ ਪੱਧਰ ਦੀਆਂ ਸ਼ੂਟਿੰਗ ਸਹੂਲਤਾਂ ਦੌਰਾਨ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਸਕੂਲ ਸਮੇਂ ਵਿਦਿਆਰਥੀਆਂ ਨੂੰ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ ਅਤੇ ਸਕੂਲ ਸਮੇਂ ਤੋਂ ਬਾਅਦ 50 ਫ਼ੀਸਦ ਫ਼ੀਸ ਲੈ ਕੇ ਸਿਖਲਾਈ ਦਿੱਤੀ ਜਾਵੇਗੀ ਅਤੇ ਕੋਚਾਂ ਦੀ ਨਿਗਰਾਨੀ ਹੇਠ ਬੱਚਿਆਂ ਨੂੰ ਨਿਸ਼ਾਨੇਬਾਜ਼ੀ ਦੇ ਗੁਰ ਦੱਸੇ ਜਾਣਗੇ। ਉਨ੍ਹਾਂ ਤੋਂ ਜਦੋਂ ਇਸ ਸ਼ੂਟਿੰਗ ਰੇਂਜ ਨੂੰ ਚਲਾਉਣ ਵਾਲੇ ਕੁੱਝ ਲੋਕਾਂ ਵੱਲੋਂ ਸਿੱਖ ਧਰਮ ਦੇ ਨਾਂ ’ਤੇ ਖ਼ੁਦ ਨੂੰ ਅੱਗੇ ਵਧਾਉਣ ਦੇ ਖੁਲਾਸੇ ਹੋਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਅਜਿਹੇ ਲੋਕਾਂ ਉਪਰ ਨਜ਼ਰ ਰੱਖੀ ਜਾਵੇਗੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਕੋਲ ਵੀ ਮੁੱਦਾ ਉਠਾਇਆ ਜਾਵੇਗਾ।